ਕਲਾਨੌਰ, (ਵਤਨ)- ਬੀਤੀ ਰਾਤ ਖਾਲਸਾ ਮੈਡੀਕਲ ਸਟੋਰ ਦੇ ਮਾਲਕ ਅਤੇ ਸਿੰਘ ਟ੍ਰੇਡਿੰਗ ਦੇ ਆਡ਼੍ਹਤੀ ਰਣਜੀਤ ਸਿੰਘ ਖਾਲਸਾ ਨਾਲ ਵਿਆਜ ਦੇ ਪੈਸਿਆਂ ਦੇ ਲੈਣ-ਦੇਣ ਤੋਂ ਹੋਏ ਝਗਡ਼ੇ ’ਚ ਰਣਜੀਤ ਸਿੰਘ ਦੀ ਕੁੱਟ-ਮਾਰ ਕਰ ਕੇ ਜ਼ਖ਼ਮੀ ਕਰਨ ਤੋਂ ਇਲਾਵਾ ਮੈਡੀਕਲ ਸਟੋਰ ਦੇ ਸ਼ੀਸ਼ੇ ਭੰਨਣ ਤੇ ਜ਼ਰੂਰੀ ਦਸਤਾਵੇਜ਼ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਦੂਸਰੀ ਧਿਰ ਨੇ ਮੈਡੀਕਲ ਸਟੋਰ ਮਾਲਕ ਅਤੇ ਆਡ਼੍ਹਤੀ ਵੱਲੋਂ ਸੱਟਾਂ ਲਾਉਣ ਅਤੇ ਦੁਕਾਨ ਦੇ ਸ਼ੀਸ਼ੇ ਭੰਨਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
ਮੈਡੀਕਲ ਸਟੋਰ ਮਾਲਕ ਅਤੇ ਆਡ਼੍ਹਤੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਦੇਰ ਸ਼ਾਮ ਨੂੰ ਆਪਣੇ ਮੈਡੀਕਲ ਸਟੋਰ ’ਤੇ ਬੈਠਾ ਹੋਇਆ ਸੀ ਕਿ ਮਾਸਟਰ ਜਗਦੀਸ਼ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਹਰਪਾਲ ਸਿੰਘ, ਕੁਲਬੀਰ ਸਿੰਘ ਅਤੇ ਸੁੱਖ ਸਮੇਤ 4 ਹੋਰ ਵਿਅਕਤੀਆਂ ਨੇ ਮੇਰੇ ’ਤੇ ਵਿਆਜ ਦੇ ਬਕਾਇਆ ਕਰੀਬ ਇਕ ਲੱਖ ਰੁਪਏ ਦੀ ਰਾਸ਼ੀ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ, ਉਥੇ ਮੈਡੀਕਲ ਸਟੋਰ ਦੇ ਸ਼ੀਸ਼ੇ ਭੰਨਣ ਤੋਂ ਇਲਾਵਾ ਦਵਾਈਆਂ ਖਰਾਬ ਕਰ ਕੇ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਅਤੇ ਹੋਰ ਦਸਤਾਵੇਜ਼ ਖੁਰਦ-ਬੁਰਦ ਕਰ ਦਿੱਤੇ। ਰਣਜੀਤ ਸਿੰਘ ਨੇ ਕਿਹਾ ਕਿ ਉਕਤ ਵਿਅਕਤੀਆਂ ਤੋਂ ਉਸ ਨੇ ਵਿਆਜ ’ਤੇ ਪੈਸੇ ਲਏ ਸਨ ਜਿਥੇ ਸਾਰੇ ਪੈਸਿਆਂ ਦਾ ਭੁਗਤਾਨ ਕਰਨ ਤੋਂ ਬਾਅਦ ਵਿਆਜ ਦੀ ਸਿਰਫ ਇਕ ਲੱਖ ਰੁਪਏ ਦੀ ਰਾਸ਼ੀ ਦੇਣੀ ਸੀ, ਜਿਸ ਨੂੰ ਦੇਣ ਸਬੰਧੀ 10 ਜੁਲਾਈ ਨੂੰ ਭੁਗਤਾਨ ਕਰਨਾ ਸੀ ਪਰ ਕੁਝ ਕਾਰਨਾਂ ਕਰ ਕੇ ਰਾਸ਼ੀ ਨਾ ਦਿੱਤੀ ਜਾਣ ਕਰ ਕੇ ਸ਼ਨੀਵਾਰ ਨੂੰ ਦੇਰ ਰਾਤ ਉਕਤ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਸ ਨੇ ਭੱਜ ਕੇ ਜਾਨ ਬਚਾਈ ਅਤੇ ਪੁਲਸ ਨੂੰ ਸੂਚਿਤ ਕਰਨ ਉਪਰੰਤ ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਖੇ ਇਲਾਜ ਕਰਵਾਇਆ। ਇਸ ਮੌਕੇ ਰਣਜੀਤ ਸਿੰਘ ਨੇ ਐੱਸ. ਐੱਸ. ਪੀ. ਗੁਰਦਾਸਪੁਰ, ਡੀ. ਜੀ. ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਅਾ ਜਾਵੇ ਅਤੇ ਦੋਸ਼ੀਅਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਦੂਸਰੀ ਧਿਰ ਦੇ ਮਾਸਟਰ ਜਗਦੀਸ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਰਣਜੀਤ ਸਿੰਘ ਵੱਲੋਂ ਲਾਏ ਦੋਸ਼ ਸਾਰੇ ਬੇਬੁਨਿਆਦ ਹੈ ਅਤੇ ਉਹ ਹਲੀਮੀ ਨਾਲ ਰਣਜੀਤ ਸਿੰਘ ਵੱਲ ਬਕਾਇਆ ਪਈ 13 ਲੱਖ ਰੁਪਏ ਦੀ ਰਾਸ਼ੀ ਲੈਣ ਗਏ ਸਨ ਕਿ ਇਸ ਦੌਰਾਨ ਰਣਜੀਤ ਸਿੰਘ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ ਅਤੇ ਗਾਲੀ-ਗਲੋਚ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਸੱਟਾਂ ਲਾਉਣ ਅਤੇ ਦੁਕਾਨ ਭੰਨਣ ਦੇ ਲਾਏ ਦੋਸ਼ ਬੇਬੁਨਿਆਦ ਹਨ। ਇਸ ਸਬੰਧੀ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਹੈ ਅਤੇ ਇਸ ਸਬੰਧੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਤੇਜ਼ ਬਾਰਿਸ਼ ਨਾਲ ਮਕਾਨ ਦੀ ਛੱਤ ਡਿੱਗੀ, ਇਕ ਅੌਰਤ ਦੀ ਮੌਤ
NEXT STORY