ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਸ਼ਹਿਰ ’ਚ ਹੋ ਰਹੀਆਂ ਚੋਰੀਆਂ ਕਾਰਨ ਦੁਕਾਨਦਾਰ ਤੇ ਆਮ ਲੋਕ ਪ੍ਰੇਸ਼ਾਨ ਹੋਏ ਪਏ ਸਨ। ਬੀਤੀ ਰਾਤ ਚੋਰਾਂ ਵੱਲੋਂ ਵੱਖ-ਵੱਖ ਮੈਡੀਕਲ ਸਟੋਰਾਂ ’ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਅਾ। ਚੋਰਾਂ ਵੱਲੋਂ ਸਭ ਤੋਂ ਜ਼ਿਆਦਾ ਨੁਕਸਾਨ ਗੁਰਦਾਸਪੁਰ ਸ਼ਹਿਰ ਦੇ ਕਾਹਨੂੰਵਾਨ ਰੋਡ ਸਥਿਤ ਓਬਰਾਏ ਹਸਪਤਾਲ ਨੇਡ਼ਲੇ ਗੰਗਾ ਮੈਡੀਕਲ ਸਟੋਰ ’ਤੇ ਕੀਤਾ ਹੈ, ਜਿਥੋਂ ਚੋਰਾਂ ਨੇ 48 ਤੋਂ 50 ਹਜ਼ਾਰ ਰੁਪਏ ਨਕਦੀ, ਇਕ ਐੱਲ. ਸੀ. ਡੀ., ਸੀ. ਸੀ. ਟੀ. ਵੀ. ਕੈਮਰੇ ਅਤੇ ਡੀ. ਵੀ. ਆਰ. ਸਮੇਤ ਹੋਰ ਸਾਮਾਨ ਚੋਰੀ ਕੀਤਾ ਹੈ। ਇਸ ਦੁਕਾਨ ਦੇ ਮਾਲਕ ਪ੍ਰਭਜਿੰਦਰ ਅਨੰਦ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਰੋਜ਼ਾਨਾ ਵਾਂਗ ਸਟੋਰ ਬੰਦ ਕਰ ਕੇ ਗਏ ਸਨ ਪਰ ਅੱਜ ਸਵੇਰੇ ਦੁਕਾਨ ’ਤੇ ਆਏ ਤਾਂ ਉਨ੍ਹਾਂ ਦਾ ਸ਼ਟਰ ਟੁੱਟਾ ਹੋਇਆ ਸੀ।
ਇਸੇ ਤਰ੍ਹਾਂ ਚੋਰਾਂ ਨੇ ਬਾਟਾ ਚੌਕ ਨੇਡ਼ੇ ਵੀ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਮਾਲਕ ਨਰਿੰਦਰ ਅਰੋਡ਼ਾ ਨੇ ਦੱਸਿਆ ਕਿ ਉਸ ਦੀ ਦੁਕਾਨ ’ਚੋਂ 8 ਹਜ਼ਾਰ ਰੁਪਏ ਚੋਰੀ ਹੋੲੇ ਹਨ ਜਦੋਂਕਿ ਉਹ ਦੁਕਾਨ ’ਚ ਪਿਆ ਹੋਰ ਸਾਮਾਨ ਵੀ ਚੈੱਕ ਕਰ ਰਹੇ ਹਨ। ਚੋਰਾਂ ਨੇ ਸਿਵਲ ਲਾਈਨ ਰੋਡ ’ਤੇ ਭਾਟੀਆ ਹਸਪਤਾਲ ਨੇਡ਼ੇ ਰੈਂਬੋ ਮੈਡੀਕਲ ਸਟੋਰ ਅਤੇ ਕਪੂਰ ਮੈਡੀਕਲ ਸਟੋਰ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਪਰ ਉਥੇ ਚੋਰ ਜ਼ਿਆਦਾ ਨੁਕਸਾਨ ਨਹੀਂ ਕਰ ਸਕੇ। ਇਸ ਸਬੰਧੀ ਜਦੋਂ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਰਿਪੁਤਾਪਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸ਼ਹਿਰ ਅੰਦਰ 4 ਮੈਡੀਕਲ ਸਟੋਰਾਂ ’ਚ ਚੋਰੀਆਂ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਅਜੇ ਤੱਕ ਇਨ੍ਹਾਂ ਦੁਕਾਨਾਂ ਦੇ ਮਾਲਕਾਂ ਨੇ ਚੋਰੀ ਹੋਏ ਸਾਮਾਨ ਸਬੰਧੀ ਲਿਖਤੀ ਰੂਪ ’ਚ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਨ੍ਹਾਂ ਘਟਨਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਟਾ ਚੌਕ ’ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖਣ ’ਤੇ ਪਤਾ ਲੱਗਾ ਹੈ ਕਿ ਰਾਤ 12 ਤੋਂ 1 ਵਜੇ ਦੇ ਕਰੀਬ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਆਏ 2-3 ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫੁਟੇਜ ਨੂੰ ਜਾਂਚ ਲਈ ਭੇਜ ਦਿੱਤਾ ਹੈ ਅਤੇ ਬਹੁਤ ਜਲਦ ਕਾਰ ਦਾ ਨੰਬਰ ਅਤੇ ਚੋਰਾਂ ਦਾ ਪਤਾ ਲਾ ਲਿਆ ਜਾਵੇਗਾ।
ਬੇਰੋਜ਼ਗਾਰ ਲਾਈਨਮੈਨ ਯੂਨੀਅਨ ਵੱਲੋਂ ਮੰਗਾਂ ਸਬੰਧੀ ਨਾਅਰੇਬਾਜ਼ੀ
NEXT STORY