ਚੰਡੀਗੜ੍ਹ— ਕੈਬਨਿਟ ਮੰਤਰੀ ਵੱਲੋਂ ਮਹਿਲਾ ਆਈ. ਏ. ਐੱਸ. ਅਧਿਕਾਰੀ ਨੂੰ ਮੈਸੇਜ ਭੇਜ ਕੇ ਤੰਗ ਕਰਨ ਦਾ ਮਾਮਲਾ ਸੂਬੇ 'ਚ ਆਉਣ ਦੇ ਬਾਅਦ ਮਹਿਲਾ ਕਮਿਸ਼ਨ ਵੀ ਸਰਗਰਮ ਹੋ ਗਿਆ ਹੈ। ਹੁਣ ਦਫਤਰ 'ਚ ਮਹਿਲਾ ਨੂੰ ਗਲਤ ਟਿੱਪਣੀ, ਮੈਸੇਜ ਅਤੇ ਫੋਟੋ ਭੇਜਣਾ ਜਿਨਸੀ ਸ਼ੋਸ਼ਣ ਮੰਨਿਆ ਜਾਵੇਗਾ। ਕਮਿਸ਼ਨ ਨੇ ਦਫਤਰਾਂ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਮਹਿਲਾ ਮੁਲਾਜ਼ਮ ਨਾਲ ਇਕੱਲੇ 'ਚ ਨਹੀਂ ਹੋਵੇਗੀ ਮੀਟਿੰਗ :
ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਚ ਸਾਫ ਕੀਤਾ ਗਿਆ ਹੈ ਕਿ ਕੋਈ ਵੀ ਮੰਤਰੀ ਅਤੇ ਅਧਿਕਾਰੀ ਕਿਸੇ ਵੀ ਮੀਟਿੰਗ ਜਾਂ ਚਰਚਾ ਲਈ ਕਿਸੇ ਮਹਿਲਾ ਮੁਲਾਜ਼ਮ ਨੂੰ ਇਕੱਲਿਆਂ ਦਫਤਰ 'ਚ ਨਹੀਂ ਬੁਲਾ ਸਕੇਗਾ। ਅਜਿਹੀ ਮੀਟਿੰਗ ਜਾਂ ਚਰਚਾ ਉਕਤ ਮਹਿਲਾ ਦੇ ਇਲਾਵਾ ਇਕ ਹੋਰ ਮਹਿਲਾ ਦੀ ਹਾਜ਼ਰੀ 'ਚ ਹੀ ਹੋਵੇਗੀ। ਇਸ ਤੋਂ ਇਲਾਵਾ ਦਫਤਰ ਸਮਾਂ ਪੰਜ ਵਜੇ ਖਤਮ ਹੋਣ ਤੋਂ ਬਾਅਦ ਕਿਸੇ ਵੀ ਮਹਿਲਾ ਮੁਲਾਜ਼ਮ ਨੂੰ ਦਫਤਰ 'ਚ ਨਹੀਂ ਬੁਲਾਇਆ ਜਾ ਸਕੇਗਾ। ਇੰਨਾ ਹੀ ਨਹੀਂ ਕਮਿਸ਼ਨ ਨੇ ਜਿਨਸੀ ਸ਼ੋਸ਼ਣ 'ਤੇ ਰੋਕ ਲਾਉਣ ਲਈ ਹੋਰ ਵੀ ਸਖਤ ਫੈਸਲੇ ਲਏ ਹਨ।
ਗਲਤ ਮੈਸੇਜ, ਵੀਡੀਓ ਤੇ ਫੋਟੋ ਭੇਜਣ 'ਤੇ ਹੋਵੇਗੀ ਕਾਰਵਾਈ :
ਇਸ ਤਹਿਤ ਮਹਿਲਾ ਦੇ ਸਰੀਰ ਨੂੰ ਜਾਣਬੁੱਝ ਕੇ ਛੂਹਣ ਨੂੰ ਵੀ ਸ਼ੋਸ਼ਣ ਦੇ ਤੌਰ 'ਤੇ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਕੰਮ ਵਾਲੀ ਜਗ੍ਹਾ ਕਿਸੇ ਵੀ ਮਹਿਲਾ ਦੇ ਕੱਪੜਿਆਂ ਜਾਂ ਸਰੀਰ ਬਾਰੇ ਕਿਸੇ ਵੀ ਤਰ੍ਹਾਂ ਦੀ ਗਲਤ ਟਿੱਪਣੀ, ਗਲਤ ਕਿਸਮ ਦੇ ਕੁਮੈਂਟ, ਮੋਬਾਇਲ ਫੋਨ 'ਤੇ ਕੋਈ ਗਲਤ ਮੈਸੇਜ, ਤਸਵੀਰ, ਵੀਡੀਓ ਭੇਜਣਾ ਵੀ ਜਿਨਸੀ ਸ਼ੋਸ਼ਣ ਦੇ ਘੇਰੇ 'ਚ ਆਵੇਗਾ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਸਾਫ ਕੀਤਾ ਕਿ ਜੇਕਰ ਕੋਈ ਮੰਤਰੀ, ਅਧਿਕਾਰੀ ਅਤੇ ਪੁਰਸ਼ ਮੁਲਾਜ਼ਮ ਕਿਸੇ ਮਹਿਲਾ ਨੂੰ ਦਫਤਰ ਅਤੇ ਛੁੱਟੀ ਹੋਣ ਦੇ ਬਾਅਦ ਵੀ ਗਲਤ ਮੈਸੇਜ ਜਾਂ ਫੋਟੋ ਭੇਜੇਗਾ ਤਾਂ ਕਮਿਸ਼ਨ ਵੱਲੋਂ ਉਸ ਨੂੰ ਜਿਨਸੀ ਸ਼ੋਸ਼ਣ ਮੰਨ ਕੇ ਦੋਸ਼ੀ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ 4 ਦਿਨਾਂ ਦੀ ਛੁੱਟੀ ’ਤੇ ਤੁਰਕੀ ਪੁੱਜੇ
NEXT STORY