ਸ੍ਰੀ ਮੁਕਤਸਰ ਸਾਹਿਬ, (ਪਵਨ)- ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੀ ਜਥੇਬੰਦੀ ਮਿਡ-ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਠਨ ਦੀ ਸੂਬਾ ਪ੍ਰਧਾਨ ਲਖਵਿੰਦਰ ਕੌਰ ਦੀ ਅਗਵਾਈ ਹੇਠ ਜ਼ਿਲਾ ਸਿੱਖਿਆ ਅਫ਼ਸਰ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਮਿਡ-ਡੇ ਮੀਲ ਕਾਮਿਆਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ 1 ਜਨਵਰੀ 2017 ਤੋਂ ਕੀਤੇ ਗਏ ਮਿਡ-ਡੇ ਮੀਲ ਵਰਕਰਾਂ ਦੇ ਮਾਣ ਭੱਤੇ ਵਿਚਲੇ 500 ਰੁਪਏ ਦੇ ਵਾਧੇ ਨੂੰ ਵਰਕਰਾਂ ਨਾਲ ਕੋਝਾ ਮਜ਼ਾਕ ਐਲਾਨਿਆ। ਜਥੇਬੰਦੀ ਦੀ ਜ਼ਿਲਾ ਪ੍ਰਧਾਨ ਰਮਨਜੀਤ ਕੌਰ ਨੇ ਦੱਸਿਆ ਕਿ ਹਰਿਆਣਾ ਵਿਚ ਕੁੱਕ ਵਰਕਰਾਂ ਨੂੰ 2500 ਰੁਪਏ, ਕੇਰਲਾ ਵਿਚ 6000 ਰੁਪਏ, ਤਾਮਿਲਨਾਡੂ ਵਿਚ 7500 ਰੁਪਏ ਅਤੇ ਕੁਝ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 9000 ਰੁਪਏ ਤੱਕ ਦਿੱਤੇ ਜਾ ਰਹੇ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਸਿਰਫ 1700 ਰੁਪਏ ਦਿੱਤੇ ਜਾਂਦੇ ਹਨ ਅਤੇ ਉਹ ਵੀ ਸਾਲ ਵਿਚ 12 ਮਹੀਨਿਆਂ ਦੀ ਥਾਂ ਸਿਰਫ 10
ਮਹੀਨਿਆਂ ਲਈ।
ਜਸਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਕਾਮਿਆਂ ਨੂੰ ਕੋਈ ਛੁੱਟੀ ਤੱਕ ਨਹੀਂ ਮਿਲਦੀ, ਖਤਰਨਾਕ ਸਥਿਤੀ ਵਿਚ ਕੰਮ ਕਰਦੇ ਹੋਣ ਦੇ ਬਾਵਜੂਦ ਇਨ੍ਹਾਂ ਕਾਮਿਆਂ ਦਾ ਕੋਈ ਬੀਮਾ ਵਗੈਰਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕਿਸੇ ਕਿਸਮ ਦੀ ਵਰਦੀ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ 'ਤੇ ਕਾਮਿਆਂ ਦੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਉਨ੍ਹਾਂ ਮੰਗ ਕੀਤੀ ਕਿ ਮਿਡ-ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਧੀਨ ਲਿਆਂਦਾ ਜਾਵੇ ਅਤੇ ਮਿਡ-ਡੇ ਮੀਲ ਕਾਮਿਆਂ ਲਈ ਛੁੱਟੀ, ਬੀਮੇ ਅਤੇ ਵਰਦੀ ਦਾ ਪ੍ਰਬੰਧ ਕੀਤਾ ਜਾਵੇ। ਆਪਣੀਆਂ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂ ਜ਼ਿਲਾ ਸਿੱਖਿਆ ਅਫਸਰ ਬਲਜੀਤ ਕੁਮਾਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ-ਪੱਤਰ ਵੀ ਸੌਂਪਿਆ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਝਬੇਲਵਾਲੀ, ਪਵਨ ਕੁਮਾਰ, ਸੁਭਾਸ਼ ਚੰਦਰ ਤੋਂ ਇਲਾਵਾਂ ਮੰਜੂ ਬਾਲਾ ਚੱਕ ਸ਼ੇਰੇਵਾਲਾ, ਅਮਰਜੀਤ ਕੌਰ ਸੂਰੇਵਾਲਾ, ਰਾਜਾ ਸਿੰਘ ਭਲੇਰੀਆਂ, ਵੀਰਪਾਲ ਕੌਰ, ਅਮਰਜੀਤ ਕੌਰ, ਪਰਮਿੰਦਰ ਕੌਰ ਲੱਕੜਵਾਲਾ, ਹਰਜਿੰਦਰ ਕੌਰ, ਜੀਤ ਸਿੰਘ, ਮੰਜੂ ਰਾਣੀ, ਕਰਮਜੀਤ ਕੌਰ, ਮਨਪ੍ਰੀਤ ਕੌਰ ਲੁਹਾਰਾ, ਚਰਨਜੀਤ ਕੌਰ, ਜਗਜੀਤ ਕੌਰ ਆਦਿ ਹਾਜ਼ਰ ਸਨ।
ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਪਾਲੀਥੀਨ ਲਏ ਕਬਜ਼ੇ 'ਚ
NEXT STORY