ਜਲੰਧਰ/ਚੰਡੀਗੜ੍ਹ, (ਧਵਨ, ਅਸ਼ਵਨੀ)– ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਆਪਣੇ ਗ੍ਰਹਿ ਸੂਬਿਆਂ 'ਚ ਵਾਪਸੀ ਦੀ ਕਾਮਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਹੋਰ ਸੂਬਿਆਂ 'ਚ ਪੈਦਲ ਜਾਣ ਲਈ ਮਜਬੂਰ ਨਾ ਹੋਵੇ ਅਤੇ ਪੰਜਾਬ 'ਚ ਉਹ ਭੁੱਖਾ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਇਹ ਯਕੀਨੀ ਬਣਾਉਣਾ ਹੈ ਕਿ ਸੜਕਾਂ 'ਤੇ ਪ੍ਰਵਾਸੀ ਮਜ਼ਦੂਰਾਂ ਨੂੰ ਪੈਦਲ ਨਾ ਚੱਲਣਾ ਪਵੇ।
ਉਨ੍ਹਾਂ ਲਈ ਗ੍ਰਹਿ ਸੂਬਿਆਂ 'ਚ ਵਾਪਸੀ ਲਈ ਰੇਲ ਗੱਡੀ ਜਾਂ ਬੱਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਭਾਂਵੇ ਅੱਜ ਉੱਤਰ ਪ੍ਰਦੇਸ਼ ਲਈ 300ਵੀਂ ਵਿਸ਼ੇਸ਼ ਮਜ਼ਦੂਰ ਰੇਲਗੱਡੀ ਚੱਲੀ ਹੈ, ਉਸ ਦੇ ਬਾਵਜੂਦ ਪ੍ਰਵਾਸੀ ਮਜ਼ਦੂਰਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਘਬਰਾਹਟ 'ਚ ਨਾ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਹਰੇਕ ਪ੍ਰਵਾਸੀ ਮਜ਼ਦੂਰ ਦੀ ਸੁਰੱਖਿਅਤ ਘਰ ਵਾਪਸੀ ਲਈ ਵਚਨਬੱਧ ਹੈ ਅਤੇ ਉਨ੍ਹਾਂ ਲਈ ਮੁਫਤ ਯਾਤਰਾ ਅਤੇ ਭੋਜਨ ਦਾ ਪ੍ਰਬੰਧ ਸੂਬਾ ਸਰਕਾਰ ਵਲੋਂ ਕੀਤਾ ਜਾਵੇਗਾ। ਸੂਬੇ ਦੀ ਪੀੜਾ 'ਚ ਹਰੇਕ ਵਿਅਕਤੀ ਦੀ ਮਦਦ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਸਾਡੇ ਮਿੱਤਰ ਹਨ, ਜਿਨ੍ਹਾਂ ਨੇ ਸੂਬੇ ਅਤੇ ਉਸ ਦੀ ਅਰਥਵਿਵਸਥਾ 'ਚ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਪੋਰਟਲ 'ਤੇ 10 ਲੱਖ ਪ੍ਰਵਾਸੀ ਮਜ਼ਦੂਰਾਂ ਨੇ ਵਾਪਸ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਸੂਬਾ ਸਰਕਾਰ ਨੇ ਸਾਰੇ ਰਜਿਸਟਰਡ ਵਿਅਕਤੀਆਂ ਤੋਂ ਫੋਨ 'ਤੇ ਨਿੱਜੀ ਤੌਰ 'ਤੇ ਗੱਲਬਾਤ ਕਰ ਕੇ ਪੁੱਛਿਆ ਹੈ ਕਿ ਉਹ ਆਪਣੇ ਘਰ ਜਾਣ ਦੇ ਇਛੁੱਕ ਹਨ ਜਾਂ ਨਹੀਂ। ਪਿਛਲੇ 3-4 ਦਿਨਾਂ 'ਚ ਲਗਭਗ 2 ਤਿਹਾਈ ਮਜ਼ਦੂਰਾਂ ਨੇ ਸੂਬੇ 'ਚ ਉਦਯੋਗਿਕ ਇਕਾਈਆਂ 'ਚ ਕੰਮ ਸ਼ੁਰੂ ਹੋਣ 'ਤੇ ਇਥੇ ਰਹਿਣ ਦਾ ਫੈਸਲਾ ਲਿਆ ਹੈ।
ਰੈਡੀਮੇਡ ਗਾਰਮੈਂਟ ਦੇ ਸ਼ੋਅਰੂਮ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY