ਚੰਡੀਗੜ੍ਹ, (ਅਸ਼ਵਨੀ)— ਕੋਵਿਡ-19 ਬੀਮਾਰੀ ਦੇ ਵਧਦੇ ਕਹਿਰ ਕਾਰਣ ਮਿਲਕਫੈੱਡ ਦੇ ਬ੍ਰਾਂਡ ਵੇਰਕਾ ਵਲੋਂ ਖਪਤਕਾਰਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਦਾ ਮੁਲਾਂਕਣ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਭੈਅਭੀਤ ਹੋਣ ਦੀ ਲੋੜ ਨਹੀਂ।
ਉਨ੍ਹਾਂ ਕਿਹਾ ਕਿ ਦੁੱਧ ਦੀ ਸਪਲਾਈ ਦੌਰਾਨ ਸਾਫ-ਸਫਾਈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਯਕੀਨ ਦਿਵਾਇਆ ਕਿ ਮਿਲਕਫੈੱਡ ਕਿਸੇ ਵੀ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ।
ਸ਼ੁੱਕਰਵਾਰ ਇਥੇ ਜਾਰੀ ਪ੍ਰੈੱਸ ਬਿਆਨ 'ਚ ਰੰਧਾਵਾ ਨੇ ਕਿਹਾ ਕਿ ਮਿਲਕਫੈੱਡ ਵਲੋਂ ਜਿੱਥੇ ਦੁੱਧ ਦੀ ਸਪਲਾਈ ਵਧਾਉਂਦਿਆਂ ਉਪਭੋਗਤਾ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ, ਉਥੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਲੰਮੀ ਮਿਆਦ ਵਾਲੇ ਦੁੱਧ ਦੀ ਪੈਕੇਟਾਂ ਤੇ ਸੁੱਕੇ ਦੁੱਧ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ ਤੇ ਸਕਿਮਡ ਦੁੱਧ ਅਤੇ ਦੁੱਧ ਪਾਊਡਰ ਹੇਠਲੇ ਪੱਧਰ ਤੱਕ ਵੇਰਕਾ ਬੂਥਾਂ, ਮਿਲਕ ਬਾਰ ਅਤੇ ਪ੍ਰਚੂਨ ਦੀਆਂ ਦੁਕਾਨਾਂ 'ਤੇ ਉਪਲੱਬਧ ਹੋਵੇਗਾ। ਉਨ੍ਹਾਂ ਕਿਹਾ ਕਿ ਮਾਰਕੀਟ 'ਚ 20 ਮੀਟ੍ਰਿਕ ਟਨ ਦੁੱਧ ਵਾਲਾ ਪਾਊਂਡਰ ਪਹਿਲਾਂ ਹੀ ਭੇਜ ਦਿੱਤਾ ਗਿਆ ਹੈ ਤੇ 150 ਮੀਟ੍ਰਿਕ ਟਨ ਦੁੱਧ ਵਾਲਾ ਪਾਊਡਰ, ਜੋ 15 ਲੱਖ ਲਿਟਰ ਦੁੱਧ ਦੀ ਥਾਂ ਵਰਤਿਆ ਜਾ ਸਕਦਾ ਹੈ, ਆਉਂਦੇ 7 ਦਿਨਾਂ ਅੰਦਰ ਸਪਲਾਈ ਕਰ ਦਿੱਤਾ ਜਾਵੇਗਾ।
ਮਿਲਕਫੈੱਡ ਦੇ ਚੇਅਰਮੈਨ ਕੈਪ. ਹਰਮਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਕਾਰਣ ਉਨ੍ਹਾਂ ਦੇ ਅਦਾਰੇ ਵੱਲੋਂ ਹਰ ਤਰ੍ਹਾਂ ਦੀ ਅਹਿਤਿਆਤ ਅਤੇ ਸਾਫ ਤੇ ਸ਼ੁੱਧ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੀ ਸਪਲਾਈ ਯਕੀਨੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਅਤਿ-ਆਧੁਨਿਕ ਤਕਨੀਕਾਂ ਵਾਲੇ ਪਲਾਂਟਾਂ 'ਚ ਸਾਰੇ ਸਫਾਈ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਮਿਲਕਫੈੱਡ ਦੇ ਸਾਰੇ ਕਰਮਚਾਰੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹਨ ਅਤੇ ਵਿਸ਼ਵ ਸਿਹਤ ਸੰਸਥਾ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਿਹਤ ਸਬੰਧੀ ਜਾਰੀ ਦਿਸ਼ਾਂ-ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।
ਕੋਰੋਨਾ ਵਾਇਰਸ ਨਾਲ ਲੜਨ ਲਈ ਕੈਪਟਨ ਨੇ ਪੀ. ਐਮ. ਮੋਦੀ ਕੋਲ ਕੀਤੀ ਇਹ ਮੰਗ
NEXT STORY