ਸਮਰਾਲਾ (ਬੰਗੜ, ਗਰਗ) : ਪੰਜਾਬ ’ਚ ਨਵੇਂ ਡਰਾਈਵਿੰਗ ਲਾਇਸੈਂਸ ਅਤੇ ਰਿਨਿਊ ਲਾਇਸੈਂਸ ਬਣਾਉਣ ਵਾਲੇ ਲੋਕਾਂ ਨੂੰ ਵਿਭਾਗ ਦੀ ਪ੍ਰਣਾਲੀ ਦੇ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪੰਜਾਬ ਭਰ ਦੇ ਟ੍ਰਾਇਲ ਸੈਂਟਰ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਹਨ। ਜਾਣਕਾਰੀ ਅਨੁਸਾਰ ਸੂਬੇ ਦੇ ਬੰਦ ਪਏ ਇਨ੍ਹਾਂ ਟ੍ਰਾਇਲ ਸੈਂਟਰਾਂ ਦੇ ਕਾਰਨ ਲੱਖਾਂ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਬਣਨ ਤੋਂ ਰੁਕੇ ਪਏ ਹਨ। ਇਸ ਤਰ੍ਹਾਂ ਲਾਇਸੈਂਸ ਲੈਣ ਵਾਲਿਆਂ ’ਚ ਉਹ ਲੋਕ ਵੀ ਹਨ, ਜਿਨ੍ਹਾਂ ਦੇ ਲਾਇਸੈਂਸ ਰਿਨਿਊ ਹੋਣੇ ਹਨ, ਉਨ੍ਹਾਂ ਲੋਕਾਂ ਨੂੰ ਟ੍ਰਾਇਲ ਸੈਂਟਰ ਜਾਣ ਦੀ ਇਸ ਕਰਕੇ ਲੋੜ ਪੈਂਦੀ ਹੈ ਕਿ ਉਹ ਕਿਸੇ ਕਾਰਨਾਂ ਕਰਕੇ ਨਿਯਤ ਸਮੇਂ ’ਤੇ ਲਾਇਸੈਂਸ ਰਿਨਿਊ ਨਹੀਂ ਕਰਵਾ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਸੂਬੇ ਭਰ 'ਚ ਸ਼ੁਰੂ ਹੋਏ ਐਕਸ਼ਨ
ਇਨ੍ਹਾਂ ਹੀ ਨਹੀਂ, ਜਿਨ੍ਹਾਂ ਲੋਕਾਂ ਨੇ ਨਵੇਂ ਡਰਾਇਵਿੰਗ ਲਾਇਸੈਂਸ ਬਣਾਉਣ ਤੋਂ ਪਹਿਲਾਂ ਲਰਨਿੰਗ ਲਾਇਸੈਂਸ ਬਣਵਾ ਕੇ ਰੱਖੇ ਹੋਏ ਹਨ, ਉਨ੍ਹਾਂ ਲੋਕਾ ਦੇ ਲਰਨਿੰਗ ਦੀ ਮਿਆਦ ਪੁੱਗ ਜਾਣ ਕਾਰਨ ਉਨ੍ਹਾਂ ਨੂੰ ਦੁਬਾਰਾ ਤੋਂ ਫ਼ੀਸਾਂ ਅਦਾ ਕਰਨੀਆਂ ਪੈ ਰਹੀਆਂ ਹਨ। ਅਜਿਹਾ ਹੋਣ ਨਾਲ ਉਨ੍ਹਾਂ ਨੂੰ ਖੱਜਲ-ਖੁਆਰੀ ਦੇ ਨਾਲ-ਨਾਲ ਅਣ ਐਲਾਨਿਆ ਜੁਰਮਾਨਾ ਵੀ ਅਦਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਜੇਕਰ ਸਿਰਫ਼ ਸਬ ਡਵੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਇਸ ਡਵੀਜ਼ਨ ਦੇ ਹੀ 300 ਤੋਂ ਵੱਧ ਲਾਇਸੈਂਸ ਇਸ ਉਡੀਕ ’ਚ ਫਸੇ ਬੈਠੇ ਹੋਏ ਹਨ ਕਿ ਕਦੋਂ ਟ੍ਰਾਇਲ ਸੈਂਟਰ ਚਾਲੂ ਹੋਣਗੇ ਅਤੇ ਉਹ ਆਪਣਾ ਟ੍ਰਾਇਲ ਦੇ ਕੇ ਕਾਨੂੰਨੀ ਤੌਰ ’ਤੇ ਸੜਕ 'ਕੇ ਵ੍ਹੀਕਲ ਵਗੈਰਾ ਚਲਾਉਣ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ
ਕਿਉਂ ਬੰਦ ਪਏ ਹਨ ਟ੍ਰਾਇਲ ਸੈਂਟਰ?
ਨਵੇਂ ਲਾਇਸੈਂਸ ਬਣਾਉਣ ਲਈ ਖੱਜਲ-ਖੁਆਰੀ ਦੇ ਆਲਮ ’ਚੋਂ ਲੰਘ ਰਹੇ ਬਹੁਤੇ ਲੋਕਾਂ ਨੂੰ ਇਹ ਸਮਝ ਨਹੀਂ ਪੈ ਰਹੀ ਕਿ ਉਨ੍ਹਾਂ ਦਾ ਲਾਇਸੈਂਸ ਬਣਾਉਣ ਲਈ ਡਰਾਈਵਿੰਗ ਟ੍ਰਾਇਲ ਕਿਉਂ ਨਹੀਂ ਲਏ ਜਾ ਰਹੇ। ਪਤਾ ਕਰਨ ’ਤੇ ਸਾਹਮਣੇ ਆਇਆ ਹੈ ਕਿ ਟ੍ਰਾਇਲ ਲੈਣ ਵਾਲੀ ਕੰਪਨੀ ਦਾ ਟੈਂਡਰ ਖ਼ਤਮ ਹੋਣ ਤੋਂ ਬਾਅਦ ਵਿਭਾਗ ਵੱਲੋਂ ਆਪਣੇ ਤੌਰ ’ਤੇ ਟ੍ਰਾਇਲ ਲੈਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾਣਾ ਹੈ ਤਾਂ ਜੋ ਠੇਕੇਦਾਰਾਂ ਨੂੰ ਜਾਣ ਵਾਲੀ ਕਮਾਈ ਸਰਕਾਰੀ ਖ਼ਜ਼ਾਨੇ ’ਚ ਜਾ ਸਕੇ ਪਰ ਇਸ ਕੰਮ ਵਿਚ ਕੀਤੀ ਜਾ ਰਹੀ ਦੇਰੀ ਲੋਕਾਂ ਲਈ ਸਹੂਲਤ ਦੀ ਥਾਂ ਸਰਾਪ ਬਣਦੀ ਜਾ ਰਹੀ ਹੈ।
ਜਲਦ ਸ਼ੁਰੂ ਹੋ ਜਾਵੇਗੀ ਟ੍ਰਾਇਲ ਪ੍ਰਣਾਲੀ : ਐੱਸ. ਡੀ. ਐੱਮ. ਅਰੋੜਾ
ਇਥੋਂ ਦੇ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਟੈਂਡਰ ਖ਼ਤਮ ਹੋਣ ਕਾਰਨ ਜੋ ਟ੍ਰਾਇਲ ਪ੍ਰਣਾਲੀ ’ਚ ਖੜੋਤ ਆਈ ਹੈ, ਉਸ ਨੂੰ ਜਲਦ ਹੀ ਖ਼ਤਮ ਕਰ ਕੇ ਲਾਇਸੈਂਸ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਤੇਜ਼ੀ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲਰਨਿੰਗ ਲਾਇਸੈਂਸ ਦੀ ਮਿਆਦ ਲੰਘ ਜਾਣ ’ਤੇ ਜੋ ਫ਼ੀਸ ਦੁਬਾਰਾ ਭਰਨੀ ਪੈ ਰਹੀ ਹੈ, ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਪਰ ਹੁਣ ਉਹ ਉਸ ਨੂੰ ਖ਼ਤਮ ਕਰਨ ਲਈ ਤੁਰੰਤ ਕਾਨੂੰਨੀ ਚਾਰਾਜੋਈ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਕਾਂਸ਼ੀ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ
NEXT STORY