ਜਲੰਧਰ (ਅਮਿਤ) - ਕਈ ਵੱਡੇ ਖਾਲਿਸਤਾਨੀ ਗਰੁੱਪਾਂ 'ਚ ਸ਼ਾਮਲ ਰਹੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਕਾਰਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੂੰ ਝਟਕਾ ਲੱਗਾ ਹੈ। ਉਹ ਕਿਸੇ ਵੀ ਤਰ੍ਹਾਂ ਪੰਜਾਬ ਵਿਚ ਖਾਲਿਸਤਾਨ ਬਣਾਉਣਾ ਚਾਹੁੰਦੀ ਸੀ ਅਤੇ ਇਸ ਕੰਮ ਲਈ ਇਸ ਸਮੇਂ ਉਸ ਕੋਲ ਸਭ ਤੋਂ ਵੱਧ ਸਰਗਰਮ ਹਰਮਿੰਦਰ ਸਿੰਘ ਮਿੰਟੂ ਹੀ ਸੀ। ਉਸ ਦੀ ਮੌਤ ਨਾਲ ਏਜੰਸੀ ਦਾ ਲੱਕ ਟੁੱਟ ਗਿਆ ਹੈ। ਜਲੰਧਰ ਦੇ ਭੋਗਪੁਰ ਨੇੜੇ ਡੱਲੀ ਪਿੰਡ ਦਾ ਰਹਿਣ ਵਾਲਾ ਮਿੰਟੂ ਪਹਿਲਾਂ ਬੱਬਰ ਖਾਲਸਾ ਦਾ ਮੈਂਬਰ ਸੀ। 1986 ਵਿਚ ਅਰੂੜ ਸਿੰਘ ਅਤੇ ਸੁਖਵਿੰਦਰ ਸਿੰਘ ਬੱਬਰ ਨੇ ਜਦੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਬਣਾਈ ਤਾਂ ਉਹ ਉਸ ਨਾਲ ਜੁੜ ਗਿਆ। ਉਸ ਤੋਂ ਬਾਅਦ ਮਿੰਟੂ ਇਸੇ ਫੋਰਸ ਦਾ ਮੁਖੀ ਬਣ ਗਿਆ। ਇਸ ਪਿੱਛੋਂ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਾ ਵੇਖਿਆ। ਆਈ. ਐੱਸ. ਆਈ. ਮਿੰਟੂ ਦੀ ਸਭ ਤੋਂ ਵੱਧ ਮਦਦ ਕਰਦੀ ਰਹੀ ਹੈ। ਉਹ ਕਈ ਵਾਰ ਪਾਕਿਸਤਾਨ ਵੀ ਜਾ ਚੁੱਕਾ ਹੈ। ਉਸ ਨੂੰ ਆਈ. ਐੱਸ. ਆਈ. ਕੋਲੋਂ ਹੀ ਟ੍ਰੇਨਿੰਗ ਮਿਲੀ ਸੀ। ਮਿੰਟੂ ਰਾਹੀਂ ਆਈ. ਐੱਸ. ਆਈ. ਨੂੰ ਖਾਲਿਸਤਾਨ ਬਣਾਉਣ ਦਾ ਆਪਣਾ ਸੁਪਨਾ ਸਾਕਾਰ ਹੁੰਦਾ ਨਜ਼ਰ ਆਉਣ ਲੱਗਾ ਸੀ। ਆਈ. ਐੱਸ. ਆਈ. ਨੇ ਮਿੰਟੂ ਨੂੰ ਟ੍ਰੇਨਿੰਗ ਦੇ ਕੇ 2010 ਅਤੇ 2013 'ਚ ਯੂਰਪ ਭੇਜ ਦਿੱਤਾ।
2014 'ਚ ਹਰਮਿੰਦਰ ਨੂੰ ਜਦੋਂ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਮਲੇਸ਼ੀਆ ਦੇ ਨਕਲੀ ਪਾਸਪੋਰਟ 'ਤੇ ਸਫਰ ਕਰ ਰਿਹਾ ਸੀ। ਪਾਸਪੋਰਟ ਵਿਚ ਉਸ ਦਾ ਨਾਂ ਗੁਰਦੀਪ ਸਿੰਘ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੰਟੂ ਥਾਈਲੈਂਡ ਅਤੇ ਮਲੇਸ਼ੀਆ ਵਿਖੇ ਅੱਤਵਾਦੀਆਂ ਲਈ ਪੈਸੇ ਇਕੱਠੇ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਫੰਡਿੰਗ ਕਰਦਾ ਸੀ। ਅਜਿਹਾ ਨਹੀਂ ਸੀ ਕਿ ਮਿੰਟੂ ਨੇ ਆਈ. ਐੱਸ. ਆਈ. ਦੇ ਇਸ਼ਾਰਿਆਂ 'ਤੇ ਕੁਝ ਕੀਤਾ ਨਾ ਹੋਵੇ, ਉਸ ਨੇ ਤਾਂ ਪੰਜਾਬ 'ਚ ਖਾਲਿਸਤਾਨ ਦੀ ਲਹਿਰ ਨੂੰ ਖੜ੍ਹਾ ਕਰਨ ਲਈ ਜਿੱਥੇ ਅੱਡੀ ਚੋਟੀ ਦਾ ਜ਼ੋਰ ਲਾਇਆ, ਉਥੇ ਕਈ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਈ. ਐੱਸ. ਆਈ. ਦੇ ਦਿਲ ਵਿਚ ਆਪਣੇ ਲਈ ਥਾਂ ਬਣਾ ਲਈ ਸੀ।
10 ਸਾਲ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ 'ਤੇ ਹੋਏ ਹਮਲੇ ਅਤੇ ਸ਼ਿਵ ਸੈਨਾ ਦੇ ਤਿੰਨ ਆਗੂਆਂ 'ਤੇ ਹੋਏ ਹਮਲੇ ਦੀ ਸਾਜ਼ਿਸ਼ ਰਚਣ ਅਤੇ 2010 ਵਿਚ ਹਲਵਾਰਾ ਏਅਰ ਫੋਰਸ ਸਟੇਸ਼ਨ 'ਚ ਧਮਾਕੇ ਦੇ ਮਾਮਲੇ 'ਚ ਮਿੰਟੂ ਦਾ ਮੁੱਖ ਹੱਥ ਸੀ। ਨਾਭਾ ਜੇਲ ਬ੍ਰੇਕ 'ਚ ਗ੍ਰਿਫਤਾਰ ਹੋਣ ਪਿੱਛੋਂ ਮਿੰਟੂ ਦਾ ਨੈੱਟਵਰਕ ਪੂਰੇ ਪੰਜਾਬ 'ਚ ਫੈਲ ਚੁੱਕਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੰਟੂ ਨੇ ਜੇਲ 'ਚ ਬੈਠ ਕੇ ਇਟਲੀ 'ਚ ਆਪਣੀ ਟੀਮ ਰਾਹੀਂ ਆਰ. ਐੱਸ. ਐੱਸ. ਦੇ ਨੇਤਾ ਗਗਨੇਜਾ ਦੀ ਜਲੰਧਰ 'ਚ ਹੱਤਿਆ ਕਰਵਾਈ। ਨਾਲ ਹੀ ਹੋਰਨਾਂ ਕਤਲਾਂ ਨੂੰ ਵੀ ਅੰਜਾਮ ਦਿੱਤਾ।
ਮਿੰਟੂ ਦਾ ਅਗਲਾ ਨਿਸ਼ਾਨਾ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਸਨ। ਇਨ੍ਹਾਂ ਸਬੰਧੀ ਮਿੰਟੂ ਨੂੰ ਹੁਕਮ ਮਿਲ ਚੁੱਕੇ ਸਨ ਪਰ ਉਸ ਵਲੋਂ ਤਿਆਰ ਨੈੱਟਵਰਕ ਬ੍ਰੇਕ ਹੋਣ ਕਾਰਨ ਟਾਰਗੈੱਟ ਕਿਲਿੰਗ ਨੂੰ ਨੇਪਰੇ ਨਹੀਂ ਚਾੜ੍ਹਿਆ ਜਾ ਸਕਿਆ।
ਹਰ ਸਾਲ ਕਿਸਾਨਾਂ ਦੇ ਸੁਪਨਿਆਂ 'ਤੇ ਡਿੱਗਦੀ ਐ ਪਾਵਰਕਾਮ ਦੀ ਬਿਜਲੀ
NEXT STORY