ਲੁਧਿਆਣਾ (ਖੁਰਾਣਾ) : ਸ਼ਹਿਰ ਵਿਚ ਬੇਖੌਫ ਅੱਤ ਮਚਾ ਰਹੇ ਲੁਟੇਰਿਆਂ ਨੇ ਅੱਜ ਫਿਰ ਲੁੱਟ-ਖੋਹ ਦੀਆਂ 2 ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਦੁੱਗਰੀ, ਫੇਸ-1 ਅਤੇ ਪਾਮ ਬਿਹਾਰ ਇਲਾਕਿਆਂ ਵਿਚ ਦੁਪਹਿਰ ਸਮੇਂ 2 ਗੈਸ ਏਜੰਸੀਆਂ ਦੇ ਡਲਿਵਰੀਮੈਨਾਂ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ ਲਿਆ।
ਤੇਜ਼ਧਾਰ ਹਥਿਆਰਾਂ ਨਾਲ ਲੈਸ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰਿਆਂ ਨੇ ਪਹਿਲੀ ਵਾਰਦਾਤ ਦੌਰਾਨ ਦੁੱਗਰੀ ਦੇ ਰਿਹਾਇਸ਼ੀ ਇਲਾਕਿਆਂ ਵਿਚ ਗੈਸ ਸਿਲੰਡਰਾਂ ਦੀ ਸਪਲਾਈ ਕਰ ਰਹੇ ਸਾਹਿਬ ਇੰਡੇਨ ਗੈਸ ਏਜੰਸੀ ਦੇ ਡਲਿਵਰੀਮੈਨ ’ਤੇ ਦਾਤ ਨਾਲ ਹਮਲਾ ਕਰਦਿਆਂ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਅਤੇ 25000 ਰੁਪਏ ਅਤੇ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ, ਜਦੋਂਕਿ ਦੂਜੀ ਵਾਰਦਾਤ ਵਿਚ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਬਦਮਾਸ਼ਾਂ ਵਲੋਂ ਨਿਰਜਗ ਗੈਸ ਏਜੰਸੀ ਦੇ ਡਲਵਿਰੀਮੈਨ ਨੂੰ ਪਾਮ ਵਿਹਾਰ ਇਲਾਕੇ ਵਿਚ ਘੇਰ ਕੇ 4000 ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਲਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਲੱਗੀ ਪਾਬੰਦੀ
ਸਾਹਿਬ ਇੰਡੇਨ ਗੈਸ ਏਜੰਸੀ ਦੇ ਸੰਚਾਲਕ ਵਰਿੰਦਰ ਸਿੰਘ ਗੁਜਰਾਲ ਨੇ ਦੱਸਿਆ ਕਿ ਉਨ੍ਹਾਂ ਦਾ ਡਲਿਵਰੀ ਮੈਨ ਸੁਰਿੰਦਰ ਕੁਮਾਰ (35) ਦੁੱਗਰੀ ਇਲਾਕੇ ਦੇ ਫੇਸ-1 ਵਿਚੋਂ ਦੁਪਹਿਰ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਲੈ ਕੇ ਏਜੰਸੀ ਦੇ ਦਫਤਰ ਵਿਚ ਵਾਪਸ ਮੁੜ ਰਿਹਾ ਸੀ ਤਾਂ ਇਸ ਦੌਰਾਨ 2 ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਉਸ ’ਤੇ ਦਾਤ ਨਾਲ ਹਮਲਾ ਕਰ ਕੇ 26 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਲੁੱਟ ਲਿਆ।
ਉਨ੍ਹਾਂ ਦੱਸਿਆ ਕਿ ਡਲਿਵਰੀਮੈਨ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾ ਦਿੱਤੀ ਹੈ, ਜਦੋਂਕਿ ਨਿਰਜਗ ਗੈਸ ਏਜੰਸੀ ਦੇ ਮੁਖੀ ਸ਼ਿਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਗੈਸ ਏਜੰਸੀ ਦਾ ਡਲਿਵਰੀਮੈਨ ਧਾਂਦਰਾਂ ਦੇ ਪਾਕ ਵਿਹਾਰ ਇਲਾਕੇ ਵਿਚ ਸਵੇਰ ਸਮੇਂ ਗੈਸ ਸਿਲੰਡਰਾਂ ਦੀ ਸਪਲਾਈ ਕਰ ਰਿਹਾ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 4000 ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਲਿਆ। ਸ਼ਿਵ ਸ਼ਰਮਾ ਨੇ ਦੱਸਿਆ ਕਿ 4 ਦਿਨ ਪਹਿਲਾਂ ਉਨ੍ਹਾਂ ਦੀ ਇਕ ਹੋਰ ਗੈਸ ਏਜੰਸੀ ਮੋਨਿਕਾ ਗੈਸ ਦੇ ਡਲਿਵਰੀਮੈਨ ਦੀ ਧੌਣ ’ਤੇ ਦਾਤ ਲਾ ਕੇ ਲੁਟੇਰਿਆਂ ਵਲੋਂ ਲੁੱਟ ਕੀਤੀ ਗਈ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਹੈ ਅਤੇ ਪੁਲਸ ਜਾਂਚ-ਪੜਤਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਗਣੇਸ਼ਵਰ ਸ਼ਾਸਤਰੀ ਤੋਂ ਲੈ ਕੇ ਸ਼ੇਖਰ ਕਪੂਰ ਤੱਕ...ਪਦਮ ਪੁਰਸਕਾਰਾਂ ਨਾਲ ਸਨਮਾਨਿਤ ਹੋਈਆਂ 71 ਹਸਤੀਆਂ
ਲੁਟੇਰਿਆਂ ਦਾ ਸਾਫਟ ਟਾਰਗੇਟ ਬਣੇ ਡਲਿਵਰੀਮੈਨ, 15 ਦਿਨਾਂ 'ਚ ਲੁੱਟ-ਖੋਹ ਦੀਆਂ 15 ਵਾਰਦਾਤਾਂ
ਮਹਾਨਗਰ ਵਿਚ ਗੈਸ ਏਜੰਸੀਆਂ ਦੇ ਡਲਿਵਰੀਮੈਨ ਲੁਟੇਰਿਆਂ ਦਾ ਸਾਫਟ ਟਾਰਗੇਟ ਬਣੇ ਹੋਏ ਹਨ। ਗੈਸ ਏਜੰਸੀਆਂ ਦੇ ਡੀਲਰਾਂ ਮੁਤਾਬਕ ਬੇਖੌਫ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਪਿਛਲੇ 15 ਦਿਨਾਂ ਵਿਚ 15 ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ, ਜਿਸ ਕਾਰਨ ਸਾਰੀਆਂ ਗੈਸ ਏਜੰਸੀਆਂ ਦੇ ਡਲਿਵਰੀਮੈਨਸ ਅਤੇ ਡੀਲਰਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਾਮਲੇ ਸਬੰਧੀ ਲੁਧਿਆਣਾ ਐੱਲ. ਪੀ. ਜੀ. ਡੀਲਰਸ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਭਰਤ ਦੀਵਾਨ, ਪ੍ਰਧਾਨ ਮਨਜੀਤ ਸਿੰਘ, ਜੈਦੀਪ ਚੱਢਾ ਉਪ ਪ੍ਰਧਾਨ, ਅਨੁਪ੍ਰੀਤ ਸਿੰਘ ਸੰਯੁਕਤ ਸੈਕਟਰੀ, ਅਰੁਣ ਕੁਮਾਰ ਅਗਰਵਾਲ ਜਨ. ਸੈਕਟਰੀ, ਰਣਜੀਤ ਸਿੰਘ ਗਾਂਧੀ ਟਰਸਟੀ, ਪ੍ਰਣਵ ਤਲਵਾਰ, ਸੁਨੀਲ ਕੁਮਾਰ ਸ਼ਰਮਾ, ਹਰਦੀਪ ਸਿੰਘ ਪੂਰਬ ਓਲੰਪੀਅਨ, ਅਮਿਤ ਥੱਮਦਠ, ਕੁਲਤਾਰ ਸਿੰਘ ਲਾਲੀ, ਨਵੀਨ ਬਾਂਸਲ ਸਾਰੇ ਕਾਰਜਕਾਰੀ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਥੇਬੰਦੀ ਵੱਲੋਂ ਉਕਤ ਮੁੱਦੇ ਨੂੰ ਲੈ ਕੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡੀ. ਸੀ. ਪੀ. ਲਾਅ ਐਂਡ ਆਰਡਰ ਹਰਪਾਲ ਸਿੰਘ ਨੂੰ ਮੰਗ-ਪੱਤਰ ਸੌਂਪਦਿਆਂ ਸ਼ਹਿਰ ਵਿਚ ਸਰਗਰਮ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਤਾਂਕਿ ਸਾਰੀਆਂ ਗੈਸ ਏਜੰਸੀਆਂ ਦੇ ਡਲਿਵਰੀਮੈਨ ਬਿਨਾਂ ਕਿਸੇ ਡਰ ਅਤੇ ਦਹਿਸ਼ਤ ਦੇ ਸ਼ਹਿਰ ਵਿਚ ਗੈਸ ਸਿਲੰਡਰਾਂ ਦੀ ਸਪਲਾਈ ਕਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਦੇ ਨਰਿੰਦਰ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕੀਤੀ ਫਤਹਿ
NEXT STORY