ਜਲੰਧਰ (ਮਹੇਸ਼)— ਥਾਣਾ ਸਦਰ ਦੇ ਸੋਫੀ ਪਿੰਡ 'ਚ ਬੁੱਧਵਾਰ ਸ਼ਾਮ ਨੂੰ ਘਰ ਦੇ ਬਾਹਰ ਖੇਡਦੇ-ਖੇਡਦੇ ਗਾਇਬ ਹੋਏ ਕਰੀਬ 8-9 ਸਾਲ ਦੇ ਇਕ ਬੱਚੇ ਨੇ ਕਮਿਸ਼ਨਰੇਟ ਪੁਲਸ 'ਚ ਹੜਕੰਪ ਮਚਾ ਦਿੱਤਾ, ਕਿਉਂਕਿ ਕੰਟਰੋਲ ਰੂਪ 'ਤੇ ਗੁਰਚਰਨ ਕੁਮਾਰ ਪੁੱਤਰ ਮੰਗੀ ਰਾਮ ਨਾਂ ਦੇ ਉਕਤ ਬੱਚੇ ਨੂੰ ਕਿਸੇ ਵੱਲੋਂ ਅਗਵਾ ਕਰਵਾ ਲਏ ਜਾਣ ਦੀ ਸੂਚਨਾ ਆਈ ਸੀ, ਜਿਸ ਤੋਂ ਬਾਅਦ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਸੀ. ਪੀ. ਜਲੰਧਰ ਕੈਂਟ ਸੁਰਿੰਦਰ ਪਾਲ ਧੋਗੜੀ, ਐੱਸ. ਐੱਚ. ਓ. ਥਾਣਾ ਸਦਰ ਇੰਸਪੈਕਟਰ ਸੁਖਦੇਵ ਸਿੰਘ ਔਲਖ ਅਤੇ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਕਮਲਜੀਤ ਸਿੰਘ ਸੋਫੀ ਪਿੰਡ ਪਹੁੰਚੇ। ਬੱਚੇ ਦੇ ਪਿਤਾ ਮੰਗੀ ਰਾਮ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦਾ ਬੇਟਾ ਗੁਰਚਰਨ ਸ਼ਾਮ ਨੂੰ ਆਪਣੀ ਭੈਣ ਨਾਲ ਪਿੰਡ 'ਚ ਕਿਸੇ ਦੁਕਾਨ ਤੋਂ ਦੁੱਧ ਲੈਣ ਲਈ ਗਿਆ ਸੀ। ਮੁੜ ਘਰ ਆਉਣ 'ਤੇ ਭੈਣ ਰਸੋਈ 'ਚ ਜਾ ਕੇ ਚਾਹ ਬਣਾਉਣ ਲੱਗ ਪਈ ਅਤੇ ਗੁਰਚਰਨ ਘਰ ਦੇ ਬਾਹਰ ਹੀ ਖੇਡਣ ਲੱਗ ਪਿਆ। ਕੁਝ ਦੇਰ ਬਾਅਰ ਪਰਿਵਾਰ ਵਾਲਿਆਂ ਨੇ ਬਾਹਰ ਆ ਕੇ ਦੇਖਿਆ ਤਾਂ ਗੁਰਚਰਨ ਉਥੇ ਨਹੀਂ ਸੀ। ਕਈ ਜਗ੍ਹਾ ਭਾਲ ਕਰਨ 'ਤੇ ਜਦੋਂ ਉਹ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਮਜਬੂਰ ਹੋ ਕੇ ਪੁਲਸ ਕੰਟਰੋਲ ਰੂਮ 'ਤੇ ਕਾਲ ਕੀਤੀ। ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਬੇਟੇ ਨੂੰ ਕੋਈ ਅਗਵਾ ਕਰ ਕੇ ਲੈ ਗਿਆ।
ਏ. ਸੀ. ਪੀ. ਸੁਰਿੰਦਰਪਾਲ ਧੋਗੜੀ ਅਤੇ ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਪੁਲਸ ਨੇ 2 ਘੰਟੇ ਦੀ ਮਿਹਨਤ ਤੋਂ ਬਾਅਦ ਗੁਰਚਰਨ ਨੂੰ ਪਿੰਡ ਦੀ ਆਬਾਦੀ ਤੋਂ ਬਰਾਮਦ ਕਰ ਲਿਆ, ਜਿੱਥੇ ਉਹ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ। ਬੱਚੇ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ 1 ਵਿਅਕਤੀ ਦੀ ਮੌਤ
NEXT STORY