ਕਪੂਰਥਲਾ, (ਗੁਰਵਿੰਦਰ ਕੌਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਿਵਅਪ ਸਬਸਿਡੀ ਮੁਹਿੰਮ ਨੂੰ ਠੇਂਗਾ ਦਿਖਾ ਕੇ ਵਪਾਰਕ ਅਦਾਰਿਆਂ 'ਚ ਘਰੇਲੂ ਸਿਲੰਡਰਾਂ ਦਾ ਪ੍ਰਯੋਗ ਸ਼ਰੇਆਮ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਵੱਡੇ ਤੇ ਛੋਟੇ ਹੋਟਲਾਂ ਦੇ ਨਾਲ-ਨਾਲ ਚਾਹ ਦੀਆਂ ਦੁਕਾਨਾਂ ਤੋਂ ਲੈ ਕੇ ਰੇਹੜੀਆਂ ਤਕ 'ਚ ਵੀ ਘਰੇਲੂ ਸਿਲੰਡਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਬਹੁਤ ਘੱਟ ਅਦਾਰਿਆਂ 'ਚ ਵਪਾਰਕ ਸਿਲੰਡਰਾਂ ਦਾ ਪ੍ਰਯੋਗ ਹੁੰਦਾ ਹੈ। ਹਾਲਾਂਕਿ ਇਸ ਸਮੇਂ ਸਰਕਾਰ ਵਲੋਂ ਸਬਸਿਡੀ ਸਿੱਧੀ ਬੈਂਕ ਖਾਤਿਆਂ 'ਚ ਭੇਜੀ ਜਾਂਦੀ ਹੈ ਤੇ ਘਰੇਲੂ ਸਿਲੰਡਰਾਂ ਦਾ ਪ੍ਰਯੋਗ ਕਰਨ ਵਾਲੇ ਖਪਤਕਾਰਾਂ ਦੇ ਬੈਂਕ ਖਾਤਿਆਂ 'ਚ ਸਬਸਿਡੀ ਆਉਂਦੀ ਹੈ। ਇਸਦੇ ਬਾਵਜੂਦ ਧੜੱਲੇ ਨਾਲ ਘਰੇਲੂ ਗੈਸ ਸਿਲੰਡਰਾਂ ਦੀ ਬਲੈਕ ਹੁੰਦੀ ਹੈ, ਜਿਸ ਨੂੰ ਰੋਕ ਪਾਉਣਾ ਜ਼ਿਲਾ ਪ੍ਰਸ਼ਾਸਨ ਲਈ ਵੀ ਇਕ ਚੁਣੌਤੀ ਬਣੀ ਹੋਈ ਹੈ।
ਘਰੇਲੂ ਗੈਸ ਸਿਲੰਡਰਾਂ ਦਾ ਦੁਰਉਪਯੋਗ ਹੋਣ ਨਾਲ ਸਰਕਾਰ ਦੇ ਰੈਵੀਨਿਊ ਨੂੰ ਕਰੋੜਾਂ ਰੁਪਏ ਦਾ ਚੂਨਾ ਤਾਂ ਲੱਗ ਹੀ ਰਿਹਾ ਹੈ ਤੇ ਗਿਵਅਪ ਸਬਸਿਡੀ ਅਭਿਆਨ 'ਤੇ ਵੀ ਸਵਾਲ ਪੈਦਾ ਹੋ ਰਹੇ ਹਨ। ਸਬਸਿਡੀ ਵਾਲੇ ਸਿਲੰਡਰਾਂ ਨੂੰ ਵਪਾਰਕ ਕੰਮਾਂ ਲਈ ਪ੍ਰਯੋਗ ਨਹੀਂ ਕੀਤਾ ਜਾ ਸਕਦਾ, ਅਜਿਹੇ ਸਰਕਾਰ ਦੇ ਆਦੇਸ਼ ਹਨ ਪਰ ਕੁਝ ਲੋਕ ਇਹ ਸਮਝ ਰਹੇ ਹਨ ਕਿ ਬਿਨਾਂ ਸਬਸਿਡੀ ਵਾਲਾ ਘਰੇਲੂ ਗੈਸ ਸਿਲੰਡਰ ਵਪਾਰਕ ਕੰਮਾਂ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ ਜੋ ਗਲਤ ਹੈ।
ਕਿਥੇ-ਕਿਥੇ ਹੁੰਦੀ ਹੈ ਦੁਰਵਰਤੋਂ?
ਜ਼ਿਲਾ ਕਪੂਰਥਲਾ ਦੇ ਇਲਾਕਿਆਂ 'ਚ ਵੀ ਕੁਝ ਹੋਟਲਾਂ ਤੇ ਢਾਬਿਆਂ ਤੋਂ ਲੈ ਕੇ ਚਾਹ ਵੇਚਣ ਵਾਲੇ ਤਕ ਘਰੇਲੂ ਗੈਸ ਸਿਲੰਡਰ ਦਾ ਵਪਾਰਕ ਕੰਮਾਂ 'ਚ ਪ੍ਰਯੋਗ ਕਰ ਰਹੇ ਹਨ, ਜਿਸ ਨਾਲ ਸਰਕਾਰ ਨੂੰ ਟੈਕਸ ਦੇ ਰੂਪ 'ਚ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ।
ਮਹਿੰਗਾ ਪੈਂਦਾ ਕਮਰਸ਼ੀਅਲ ਗੈਸ ਸਿਲੰਡਰ
ਇਸ ਸਮੇਂ ਸਥਾਨਕ ਮਾਰਕੀਟ 'ਚ ਕਮਰਸ਼ੀਅਲ ਗੈਸ ਸਿਲੰਡਰ ਜੋ ਕਿ 19 ਕਿਲੋ ਦਾ ਹੁੰਦਾ ਹੈ, ਦੀ ਕੀਮਤ 1230 ਰੁਪਏ ਹੈ, ਜਦੋਂ ਕਿ ਬਿਨਾਂ ਸਬਸਿਡੀ ਵਾਲਾ ਘਰੇਲੂ ਸਿਲੰਡਰ ਜਿਸ 'ਚ 14 ਕਿਲੋ ਗੈਸ ਹੁੰਦੀ ਹੈ, ਦੀ ਕੀਮਤ ਕਰੀਬ 730 ਰੁਪਏ ਹੈ, ਜਿਸ ਦੀ ਸਬਸਿਡੀ ਬੈਂਕ ਖਾਤਿਆਂ 'ਚ ਆਉਂਦੀ ਹੈ। ਕਮਰਸ਼ੀਅਲ ਗੈਸ ਸਿਲੰਡਰ ਤੇ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ 'ਚ ਸਿਰਫ 5 ਕਿਲੋ ਗੈਸ ਦਾ ਫਰਕ ਹੁੰਦਾ ਹੈ ਤੇ ਕੀਮਤ 'ਚ ਵੀ ਬਹੁਤ ਵੱਧ ਫਰਕ ਹੁੰਦਾ ਹੈ। ਇਹੀ ਕਾਰਨ ਹੈ ਕਿ ਲੋਕ ਕਮਰਸ਼ੀਅਲ ਗੈਸ ਸਿਲੰਡਰ ਦਾ ਪ੍ਰਯੋਗ ਨਹੀਂ ਕਰਦੇ ਕਿਉਂਕਿ ਇਹ ਘਰੇਲੂ ਸਿਲੰਡਰਾਂ ਦੀ ਤੁਲਨਾ 'ਚ ਮਹਿੰਗਾ ਪੈਂਦਾ ਹੈ।
ਸਰਦੀਆਂ 'ਚ ਵਧਦੀ ਹੈ ਮੰਗ
ਉਂਝ ਤਾਂ ਵਪਾਰਕ ਅਦਾਰਿਆਂ 'ਚ ਘਰੇਲੂ ਗੈਸ ਸਿਲੰਡਰ ਦਾ ਦੁਰਉਪਯੋਗ ਤਾਂ ਹਰ ਸੀਜ਼ਨ ਵਿਚ ਹੁੰਦਾ ਹੈ ਪਰ ਸਰਦੀ ਦੇ ਦਿਨਾਂ 'ਚ ਇਸ ਦੀ ਮੰਗ ਕਾਫੀ ਵੱਧ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਦੀ ਦੇ ਸੀਜ਼ਨ 'ਚ 40 ਫੀਸਦੀ ਤਕ ਵਾਧਾ ਹੋ ਜਾਂਦਾ ਹੈ ਕਿਉਂਕਿ ਸਰਦੀ ਦੇ ਦਿਨਾਂ 'ਚ ਗੈਸ ਦੀ ਖਪਤ ਵੀ ਗਰਮੀ ਦੇ ਦਿਨਾਂ ਨਾਲੋਂ ਵੱਧ ਹੁੰਦੀ ਹੈ, ਜਿਸ ਕਰ ਕੇ ਇਸ ਦੀ ਵਿਕਰੀ ਵੀ ਵੱਧ ਜਾਂਦੀ ਹੈ।
ਗਿਵਅਪ ਸਬਸਿਡੀ ਮੁਹਿੰਮ ਨੂੰ ਲੱਗ ਰਿਹਾ 'ਗ੍ਰਹਿਣ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬ ਦੇ ਘਰ 'ਚ ਚੁੱਲ੍ਹਾ ਬਾਲਣ ਲਈ ਗਿਵਅਪ ਸਬਸਿਡੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਲੋਕਾਂ ਨੂੰ ਸਬਸਿਡੀ ਛੱਡਣ ਦੀ ਅਪੀਲ ਕੀਤੀ ਜਾ ਰਹੀ ਹੈ, ਜੋ ਲੋਕ ਅਮੀਰ ਹਨ ਤੇ ਜਿਨ੍ਹਾਂ ਨੂੰ ਸਰਕਾਰੀ ਸਬਸਿਡੀ ਦੀ ਲੋੜ ਨਹੀਂ ਹੈ, ਉਹ ਆਪਣੀ ਸਬਸਿਡੀ ਛੱਡ ਵੀ ਰਹੇ ਹਨ ਪਰ ਜਿਸ ਤਰ੍ਹਾਂ ਘਰੇਲੂ ਸਿਲੰਡਰਾਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਉਸ ਤੋਂ ਗਿਵਅਪ ਸਬਸਿਡੀ ਮੁਹਿੰਮ ਨੂੰ 'ਗ੍ਰਹਿਣ' ਲੱਗ ਰਿਹਾ ਹੈ ਕਿਉਂਕਿ ਜੇਕਰ ਸਾਰੇ ਵਪਾਰਕ ਅਦਾਰੇ ਕਮਰਸ਼ੀਅਲ ਗੈਸ ਸਿਲੰਡਰ ਦਾ ਪ੍ਰਯੋਗ ਕਰਦੇ ਹਨ ਤਾਂ ਇਸ ਤੋਂ ਸਰਕਾਰ ਦੇ ਰੈਵੀਨਿਊ 'ਚ ਭਾਰੀ ਵਾਧਾ ਹੋਵੇਗਾ ਤੇ ਸਰਕਾਰ ਗਿਵਅਪ ਸਬਸਿਡੀ ਅਭਿਆਨ ਨੂੰ ਹੋਰ ਜ਼ਿਆਦਾ ਸਖਤੀ ਨਾਲ ਲਾਗੂ ਕਰ ਸਕੇਗੀ ਪਰ ਮੁਸ਼ਕਿਲ ਹੈ ਕਿ ਜ਼ਿਆਦਾਤਰ ਗੈਸ ਏਜੰਸੀਆਂ ਆਪਣੇ ਕੋਟੇ ਦੇ ਕਮਰਸ਼ੀਅਲ ਗੈਸ ਸਿਲੰਡਰ ਹੀ ਨਹੀਂ ਵੇਚ ਸਕਦੀਆਂ ਕਿਉਂਕਿ ਕਮਰਸ਼ੀਅਲ ਗੈਸ ਸਿਲੰਡਰ ਦਾ ਪ੍ਰਯੋਗ ਕਰ ਕੇ ਲੋਕ ਖੁਸ਼ ਨਹੀਂ ਹਨ।
ਘਰੇਲੂ ਤੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ 'ਚ ਭਾਰੀ ਫਰਕ
ਘਰੇਲੂ ਤੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ 'ਚ ਭਾਰੀ ਫਰਕ ਹੋਣ ਕਾਰਨ ਦੁਕਾਨਦਾਰ ਘਰੇਲੂ ਸਿਲੰਡਰ ਵੱਧ ਇਸਤੇਮਾਲ ਕਰ ਰਹੇ ਹਨ, ਜਦਕਿ ਪੰਜਾਬ ਸਰਕਾਰ ਨੇ ਫੂਡ ਸਪਲਾਈ ਵਿਭਾਗ ਨੂੰ ਇਸ 'ਤੇ ਰੋਕ ਲਾਉਣ ਦੀ ਜ਼ਿੰਮੇਵਾਰੀ ਸੌਂਪ ਰੱਖੀ ਹੈ। ਹੁਣ ਕਿਨ੍ਹਾਂ ਕਾਰਨਾਂ ਨਾਲ ਵਿਭਾਗ ਦੇ ਅਧਿਕਾਰੀ ਇਸ 'ਤੇ ਰੋਕ ਨਹੀਂ ਲਾ ਪਾ ਰਹੇ ਹਨ, ਇਹ ਵਿਭਾਗ ਦੇ ਉੱਚ ਅਧਿਕਾਰੀਆਂ ਲਈ ਇਕ ਗੰਭੀਰ ਜਾਂਚ ਦਾ ਵਿਸ਼ਾ ਹੈ। ਵਪਾਰਕ ਅਦਾਰਿਆਂ ਤੋਂ ਇਲਾਵਾ ਰੇਹੜੀਆਂ ਵਾਲਿਆਂ ਵਲੋਂ ਸ਼ਰੇਆਮ ਇਸਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਸਿਰਫ ਵਿਭਾਗ ਵਲੋਂ ਖਾਨਾਪੂਰਤੀ ਲਈ ਹੀ ਚੈਕਿੰਗ ਕੀਤੀ ਜਾ ਰਹੀ ਹੈ।
ਕੀ ਹੈ ਵਿਭਾਗ ਦਾ ਕਾਰਜ ਖੇਤਰ?
ਫੂਡ ਸਪਲਾਈ ਵਿਭਾਗ ਦੇ ਕਾਰਜ ਖੇਤਰ ਦੀ ਗੱਲ ਕਰੀਏ ਤਾਂ ਐੱਲ. ਪੀ. ਜੀ. ਗੈਸ ਸਿਲੰਡਰਾਂ ਨੂੰ 2 ਹਿੱਸਿਆਂ ਘਰਾਂ ਤੇ ਵਪਾਰਕ ਅਦਾਰਿਆਂ 'ਚ ਵੰਡਿਆ ਗਿਆ ਹੈ, ਜਿਸ 'ਤੇ ਵਿਭਾਗ ਨੂੰ ਸਖਤ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼ਹਿਰ ਦੀਆਂ ਸੜਕਾਂ 'ਤੇ ਲੱਗੀਆਂ ਰੇਹੜੀਆਂ ਤੇ ਬਾਜ਼ਾਰਾਂ, ਗਲੀਆਂ, ਮੁਹੱਲਿਆਂ 'ਚ ਸਥਿਤ ਦੁਕਾਨਾਂ 'ਤੇ ਘਰੇਲੂ ਗੈਸ ਸਿਲੰਡਰ ਇਸਤੇਮਾਲ ਹੋ ਰਹੇ ਹਨ, ਜਿਸ 'ਤੇ ਵਿਭਾਗ ਆਪਣੀਆਂ ਅੱਖਾਂ ਕਿਉਂ ਮੀਟੀ ਬੈਠਾ ਹੈ।
ਕਾਨੂੰਨੀ ਕਾਰਵਾਈ ਦੀ ਹੈ ਵਿਵਸਥਾ
ਫੂਡ ਸਪਲਾਈ ਵਿਭਾਗ ਕੋਲ ਆਪਣੇ ਵਪਾਰਕ ਅਦਾਰਿਆਂ 'ਤੇ ਕਮਰਸ਼ੀਅਲ ਐੱਲ. ਪੀ. ਜੀ. ਸਿਲੰਡਰ ਦੀ ਥਾਂ ਘਰੇਲੂ ਗੈਸ ਸਿਲੰਡਰ ਇਸਤੇਮਾਲ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਵਿਵਸਥਾ ਹੈ ਪਰ ਜਿਸ ਧੜੱਲੇ ਨਾਲ ਰੇਹੜੀਆਂ, ਦੁਕਾਨਾਂ, ਹੋਟਲਾਂ ਤੇ ਪੈਲੇਸਾਂ 'ਚ ਘਰੇਲੂ ਐੱਲ. ਪੀ. ਜੀ. ਸਿਲੰਡਰਾਂ ਦਾ ਇਸਤੇਮਾਲ ਹੋ ਰਿਹਾ ਹੈ, ਉਹ ਇਹ ਸਾਬਿਤ ਕਰ ਰਿਹਾ ਹੈ ਕਿ ਫੂਡ ਸਪਲਾਈ ਵਿਭਾਗ ਇਸ ਪਾਸੇ ਗੰਭੀਰ ਨਹੀਂ ਹੈ।
ਚੈਕਿੰਗ ਕਰ ਕੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ : ਪਿੰਦਰ ਸਿੰਘ
ਇਸ ਸਬੰਧੀ ਜਦੋਂ ਜ਼ਿਲਾ ਫੂਡ ਸਪਲਾਈ ਕੰਟਰੋਲਰ ਪਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਸਮੇਂ-ਸਮੇਂ 'ਤੇ ਵਿਭਾਗ ਵਲੋਂ ਚੈਕਿੰਗ ਕੀਤੀ ਜਾਂਦੀ ਹੈ ਤੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਭਾਗ ਵਲੋਂ ਭਵਿੱਖ 'ਚ ਵੀ ਚੈਕਿੰਗ ਨੂੰ ਤੇਜ਼ ਕੀਤਾ ਜਾਵੇਗਾ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਧ ਤੋਂ ਵੱਧ ਗ੍ਰਾਂਟਾਂ ਦਿੱਤੀਆਂ ਜਾਣ : ਸਹੋਤਾ
NEXT STORY