ਸਮਰਾਲਾ (ਬੰਗੜ, ਗਰਗ)-ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ ਦਾ ਝੰਡਾ ਚੁੱਕਣ ਵਾਲੇ ਲੋਕ ਇਨਸਾਫ ਪਾਰਟੀ ਦੇ ਨੇਤਾ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਪੱਧਰ 'ਤੇ ਚਰਚਾ ਵਿਚ ਆਏ ਹੈਲਥ ਮਾਫੀਆ ਸਮਰਾਲਾ ਦੀ ਜਾਂਚ ਵਿਜੀਲੈਂਸ ਤੋਂ ਹੋਣੀ ਜ਼ਰੂਰੀ ਹੈ ਕਿਉਂਕਿ ਵਿਭਾਗ ਵਲੋਂ ਆਪਣੇ ਹੀ ਅਧਿਕਾਰੀ ਵਿਰੁੱਧ ਕੀਤੀ ਜਾ ਰਹੀ ਜਾਂਚ 'ਤੇ ਅਨੇਕਾਂ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਇਸ ਲਈ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਲਈ ਵਿਜੀਲੈਂਸ ਦਾ ਸਹਾਰਾ ਲੈਣਾ ਜ਼ਰੂਰੀ ਹੈ।
ਬੈਂਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਏ. ਡੀ. ਜੀ. ਪੀ. ਵਿਜੀਲੈਂਸ ਬਿਓਰੋ ਪੰਜਾਬ ਨੂੰ ਇਕ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿਚ ਨਸ਼ਾ ਛੁਡਾਊ ਕੇਂਦਰ ਸਮਰਾਲਾ 'ਚ ਸਰਕਾਰੀ ਦਵਾਈਆਂ ਦੀ ਹੋ ਰਹੀ ਸਮੱਗਲਿੰਗ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਬੈਂਸ ਵਲੋਂ ਲਿਖੀ ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ 11 ਅਗਸਤ ਨੂੰ ਸਿਵਲ ਹਸਪਤਾਲ ਸਮਰਾਲਾ ਵਿਚ ਸਥਾਪਿਤ ਨਸ਼ਾ ਛੁਡਾਊ ਕੇਂਦਰ ਵਿਖੇ ਵੱਡੇ ਪੱਧਰ 'ਤੇ ਹੋ ਰਹੀ ਧਾਂਦਲੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਨ੍ਹਾਂ ਐੱਸ. ਐੱਮ. ਓ. ਦੀ ਹਾਜ਼ਰੀ ਵਿਚ ਕੇਂਦਰ ਦਾ ਦੌਰਾ ਕੀਤਾ। ਮੌਕੇ 'ਤੇ ਦੇਖਿਆ ਗਿਆ ਕਿ ਨਸ਼ਾ ਖਤਮ ਕਰਨ ਲਈ ਸਰਕਾਰ ਵਲੋਂ ਜੋ ਦਵਾਈਆਂ ਇਸ ਕੇਂਦਰ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਉਨ੍ਹਾਂ ਦੀ ਚੋਰੀ ਕਰਕੇ ਜਾਅਲੀ ਮਰੀਜ਼ਾਂ ਦੇ ਨਾਂ 'ਤੇ ਦਰਜ ਕੀਤੀ ਜਾਂਦੀ ਹੈ। ਚੋਰੀ ਉਪਰੰਤ ਸਟਾਕ ਵਿਚ ਦਵਾਈਆਂ ਘੱਟ ਹੋਣ ਤੋਂ ਬਾਅਦ ਅਸਲ ਸਟਾਕ ਰਜਿਸਟਰ ਦੀ ਥਾਂ 'ਤੇ ਜਾਅਲੀ ਰਜਿਸਟਰ ਤਿਆਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਨਸ਼ਾ ਛੁਡਾਊ ਕੇਂਦਰ ਵਲੋਂ ਵੱਖ-ਵੱਖ ਤਰੀਕਿਆਂ ਨਾਲ ਸਰਕਾਰੀ ਪੈਸੇ ਦੇ ਗਬਨ ਕਰਨ ਦੀਆਂ ਵੀ ਕਈ ਸ਼ਿਕਾਇਤਾਂ ਉਨ੍ਹਾਂ ਨੂੰ ਮਿਲੀਆਂ, ਜਿਨ੍ਹਾਂ ਦੀ ਜਾਂਚ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੀ ਟੀਮ ਬਣਾ ਕੇ ਸਿਹਤ ਮਹਿਕਮੇ ਵਿਚ ਵੱਡੇ ਪੱਧਰ 'ਤੇ ਹੋ ਰਹੀ ਘਪਲੇਬਾਜ਼ੀ ਦੀ ਛਾਣਬੀਣ ਕਰਕੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ।
ਇਕ ਹਫਤੇ ਦਾ ਦਿੱਤਾ ਅਲਟੀਮੇਟਮ
ਬੈਂਸ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਆਪਣੇ ਭ੍ਰਿਸ਼ਟ ਅਧਿਕਾਰੀਆਂ ਨੂੰ ਬਚਾਉਣ ਦੇ ਚੱਕਰ ਵਿਚ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਛੁਡਾਊ ਮੁਹਿੰਮ ਨੂੰ ਢਾਅ ਲਾ ਰਿਹਾ ਹੈ। ਇਸ ਮੁਹਿੰਮ ਨੂੰ ਲੋਕਾਂ ਵਲੋਂ ਵੱਡਾ ਸਹਿਯੋਗ ਦੇਣ ਦੇ ਬਾਵਜੂਦ ਸਰਕਾਰੀ ਡਾਕਟਰ ਤੇ ਮੁਲਾਜ਼ਮਾਂ ਦਾ ਇਕ ਗਰੁੱਪ ਜੋ ਘਪਲੇਬਾਜ਼ੀਆਂ ਕਰ ਰਿਹਾ ਹੈ, ਨੂੰ ਉਜਾਗਰ ਕਰਨ ਲਈ ਅਸੀਂ ਪਹਿਲਾ ਕਦਮ ਪੁੱਟਿਆ ਹੈ ਤੇ ਦੂਜਾ ਕਦਮ ਸਰਕਾਰ ਨੇ ਪੁੱਟਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਹਫਤੇ ਤਕ ਜਾਂਚ ਵਿਜੀਲੈਂਸ ਤੋਂ ਸ਼ੁਰੂ ਨਾ ਕਰਵਾਈ ਗਈ ਤਾਂ ਉਹ ਸਿਹਤ ਮੰਤਰੀ ਪੰਜਾਬ ਦੇ ਦਫਤਰ ਅੱਗੇ ਧਰਨਾ ਦੇਣਗੇ।
ਡੇਰਾ ਸੱਚਾ ਸੌਦਾ ਮਾਮਲਾ : ਸਮਰਥਕਾਂ ਨੂੰ ਹਿਰਾਸਤ 'ਚ ਲੈ ਕੇ, ਰੱਖਣਗੇ ਪੁਲਸ ਥਾਣਿਆਂ ਦੀ ਜੇਲ 'ਚ
NEXT STORY