ਜਲਾਲਾਬਾਦ (ਬਜਾਜ, ਆਦਰਸ਼, ਜਤਿੰਦਰ) : ਬੀਤੀ ਰਾਤ ਸਥਾਨਕ ਸ਼ਹਿਰ ਦੇ ਰੇਲਵੇ ਰੋਡ ’ਤੇ ਸਥਿਤ ਇਕ ਮੋਬਾਇਲ ਦੁਕਾਨ ਦੀ ਕੰਧ 'ਚ ਚੋਰਾਂ ਵੱਲੋਂ ਪਾੜ ਪਾ ਕੇ ਲੱਖਾਂ ਰੁਪਏ ਦੇ ਮੋਬਾਇਲ ਚੋਰੀ ਕਰਨ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰੀ ਦੀ ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆ ’ਚ ਕੈਦ ਹੋ ਗਈ ਹੈ। ਥਾਣਾ ਸਿਟੀ ਪੁਲਸ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਇਸ ਚੋਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨ ਟੈਲੀਕਾਮ ਦੇ ਸੰਚਾਲਕ ਰਿੰਕੂ ਖਾਲਸਾ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਦੇਰ ਸ਼ਾਮ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਅਤੇ ਉਸ ਦੀ ਦੁਕਾਨ ਦੇ ਅੰਦਰ ਅਕਸਰ ਹੀ ਵੱਡੀ ਗਿਣਤੀ ’ਚ ਮੋਬਾਇਲ ਫੋਨ ਪਏ ਰਹਿੰਦੇ ਹਨ।
ਦੇਰ ਰਾਤ ਚੋਰਾਂ ਨੇ ਉਸਦੀ ਦੁਕਾਨ ਦੇ ਪਿੱਛੇ ਦੀ ਕੰਧ ਤੋੜ ਕੇ ਦੁਕਾਨ ਅੰਦਰ ਦਾਖ਼ਲ ਹੋ ਕੇ 50-60 ਮੋਬਾਇਲ ਚੋਰੀ ਕਰ ਲਏ। ਦੁਕਾਨ ਸੰਚਾਲਕ ਦਾ ਕਹਿਣਾ ਹੈ ਕਿ ਇਸ ਚੋਰੀ ਦੀ ਘਟਨਾ ’ਚ ਚੋਰਾਂ ਨੇ ਕਰੀਬ 7 ਲੱਖ ਰੁਪਏ ਦਾ ਨੁਕਸਾਨ ਕੀਤਾ ਹੈ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆ ’ਚ ਕੈਦ ਹੋ ਗਈ ਹੈ। ਜਿਸ ’ਚ ਮੁਲਜ਼ਮ ਮੋਬਾਇਲ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਇਸ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਨੇ ਦੱਸਿਆ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਵਾਪਰੀ ਇਸ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ। ਦੂਜੇ ਪਾਸੇ ਲੋਕਾਂ ਨੇ ਇਸ ਮਾਮਲੇ ’ਚ ਪੁਲਸ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੋਰਾਂ ਨੂੰ ਜਲਦੀ ਨਾ ਫੜ੍ਹਿਆ ਗਿਆ ਤਾਂ ਉਹ ਸ਼ਹਿਰ ਨੂੰ ਬੰਦ ਕਰ ਕੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਘਰਾਂ 'ਚ ਪਸ਼ੂ ਰੱਖਣ ਵਾਲੇ ਪੰਜਾਬੀਆਂ ਲਈ ਅਹਿਮ ਖ਼ਬਰ, ਜਾਰੀ ਹੋ ਗਈ Advisory
NEXT STORY