ਲੁਧਿਆਣਾ, (ਸੇਠੀ)- ਆਬਕਾਰੀ ਦੇ ਕਰ ਵਿਭਾਗ ਦੇ ਮੋਬਾਇਲ ਵਿੰਗ ਨੇ ਸ਼ਹਿਰ ਦੀ ਨਾਮੀ ਸ਼ਰਮਣ ਜੈਨ ਸਵੀਟ ਦੇ ਰਾਣੀ ਝਾਂਸੀ ਰੋਡ, ਫਿਰੋਜ਼ਪੁਰ ਰੋਡ ਅਤੇ ਹੰਬੜਾਂ ਰੋਡ ਸਥਿਤ ਫੈਕਟਰੀ 'ਤੇ ਛਾਪਾ ਮਾਰਿਆ। ਇਹ ਕਾਰਵਾਈ ਵਿਭਾਗੀ ਟੀਮਾਂ ਨੇ ਇਕੱਠਿਆਂ ਕੀਤੀ।
ਇਹ ਛਾਪਾ ਵਿੰਗ ਦੇ ਜੁਆਇੰਟ ਡਾਇਰੈਕਟਰ ਐੱਚ. ਪੀ. ਐੱਸ. ਗੋਤਰਾ ਦੀ ਅਗਵਾਈ 'ਚ ਮਾਰਿਆ ਗਿਆ, ਜਦੋਂਕਿ ਸਹਾਇਕ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਮਗਨੇਸ਼ ਸੇਠੀ, ਈ. ਟੀ. ਓ. ਮੇਜਰ ਮਨਮੋਹਨ ਸਿੰਘ, ਗੁਲਸ਼ਨ ਹੁਰੀਆ, ਇੰਦਰਜੀਤ ਨਾਗਪਾਲ, ਐੱਮ. ਪੀ. ਸਿੰਘ, ਅਮਨਦੀਪ ਸਿੰਘ ਨੰਦਾ ਅਤੇ ਕਰਣਵੀਰ ਸਿੰਘ ਸ਼ਾਮਲ ਸਨ। ਟੀਮਾਂ ਨੇ ਤਿੰਨਾਂ ਕੰਪਲੈਕਸਾਂ 'ਤੇ ਬਾਰੀਕੀ ਨਾਲ ਜਾਂਚ ਕੀਤੀ ਅਤੇ ਸਟਾਕ, ਕੰਪਿਊਟਰ ਅਤੇ ਲੂਜ਼ ਪਰਚੀਆਂ ਕਬਜ਼ੇ ਵਿਚ ਲੈ ਲਈਆਂ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 1 ਜੁਲਾਈ, 2017 ਤੋਂ ਨਵੀਂ ਕਰ ਪ੍ਰਣਾਲੀ ਜੀ. ਐੱਸ. ਟੀ. ਲੱਗਣ ਤੋਂ ਬਾਅਦ ਉਪਰੋਕਤ ਯੂਨਿਟ ਤੋਂ ਕਿਸੇ ਤਰ੍ਹਾਂ ਦਾ ਟੈਕਸ ਵਿਭਾਗ ਨੂੰ ਨਹੀਂ ਮਿਲਿਆ ਅਤੇ ਇਨ੍ਹਾਂ 8 ਮਹੀਨਿਆਂ 'ਚ ਇਸ ਯੂਨਿਟ ਵੱਲੋਂ ਸਿਰਫ ਦਸੰਬਰ 2017 ਮਹੀਨੇ ਵਿਚ ਹੀ ਵਿਭਾਗ ਦੇ ਕੋਲ ਟੈਕਸ ਜਮ੍ਹਾ ਕਰਵਾਇਆ ਗਿਆ, ਜੋ ਯੂਨਿਟ ਦੀ ਕੁੱਲ ਸੇਲ ਦੇ ਹਿਸਾਬ ਤੋਂ ਬਹੁਤ ਘੱਟ ਹੈ ਅਤੇ ਉਸ ਉਪਰੰਤ ਵੀ ਕੋਈ ਟੈਕਸ ਵਿਭਾਗ ਕੋਲ ਨਹੀਂ ਆਇਆ। ਹਾਲਾਂਕਿ ਉਪਰੋਕਤ ਯੂਨਿਟ ਦੀ ਸੇਲ ਕਰੋੜਾਂ ਵਿਚ ਹੈ। ਵਿਭਾਗ ਨੇ ਜਿਨ੍ਹਾਂ ਦਸਤਾਵੇਜ਼ਾਂ ਨੂੰ ਕਬਜ਼ੇ ਵਿਚ ਲਿਆ ਹੈ, ਉਨ੍ਹਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਵੱਡਾ ਰੈਵੇਨਿਊ ਮਿਲਣ ਦੀ ਸੰਭਾਵਨਾ ਹੈ।
ਵਿਭਾਗ ਹੁਣ ਸਵੀਟ ਸ਼ਾਪਸ 'ਤੇ ਕੱਸੇਗਾ ਸ਼ਿਕੰਜਾ
ਧਿਆਨਦੇਣਯੋਗ ਹੈ ਕਿ ਜੀ. ਐੱਸ. ਟੀ. ਤੋਂ ਪਹਿਲਾਂ ਵੈਟ ਵਿਚ ਮਠਿਆਈਆਂ 'ਤੇ ਲੱਗਣ ਵਾਲੇ ਡ੍ਰਾਈਫਰੂਟ 'ਤੇ ਹੀ ਟੈਕਸ ਸੀ ਪਰ ਨਵੀਂ ਕਰ ਪ੍ਰਣਾਲੀ 'ਚ ਜ਼ਿਆਦਾਤਰ ਮਠਿਆਈਆਂ 'ਤੇ 5 ਫੀਸਦੀ ਟੈਕਸ ਹੈ। ਸੂਤਰਾਂ ਮੁਤਾਬਕ ਕੁੱਝ ਕੁ ਸਵੀਟ ਸ਼ਾਪ ਦੀਆਂ ਮਠਿਆਈਆਂ ਦੇ ਰੇਟ ਤਾਂ ਬਹੁਤ ਜ਼ਿਆਦਾ ਹਨ ਪਰ ਸਰਕਾਰ ਨੂੰ ਜਾਣ ਵਾਲੇ ਟੈਕਸ 'ਚ ਹਰ ਦੁਕਾਨਦਾਰ ਇਕੋ ਜਿਹਾ ਹੀ ਹੈ ਜਿਸ 'ਤੇ ਵਿਭਾਗ ਹੁਣ ਸ਼ਿਕੰਜਾ ਕੱਸੇਗਾ।
ਟੈਕਸ ਚੋਰੀ 'ਤੇ ਲੱਗੇਗੀ ਰੋਕ : ਗੋਤਰਾ
ਮੋਬਾਇਲ ਵਿੰਗ ਦੇ ਜੁਆਇੰਟ ਡਾਇਰੈਕਟਰ ਪੰਜਾਬ ਐੱਚ. ਪੀ. ਐੱਸ. ਗੋਤਰਾ ਨੇ ਕਿਹਾ ਕਿ ਟੈਕਸ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਉਪਰੋਕਤ ਯੂਨਿਟ 'ਤੇ ਤਿੰਨ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ ਤਾਂਕਿ ਜਾਂਚ ਸਹੀ ਹੋ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਇਸ ਤੋਂ ਇਲਾਵਾ ਟੈਕਸ ਚੋਰੀ ਕਰਨ ਵਾਲੇ ਯੂਨਿਟ ਨੂੰ ਨਹੀਂ ਬਖਸ਼ੇਗਾ, ਕਿਉਂਕਿ ਟੈਕਸ 'ਤੇ ਸਰਕਾਰ ਦਾ ਹੱਕ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਰੇਲਵੇ ਸਟੇਸ਼ਨ 'ਤੇ ਵੀ ਵਿਭਾਗ ਸਖ਼ਤੀ ਕਰਨ ਦੇ ਮੂਡ ਵਿਚ ਹੈ, ਕਿਉਂਕਿ ਬੈਰੀਅਰ ਨਾ ਹੋਣ ਕਾਰਨ ਕੁੱਝ ਲੋਕ ਵਿਭਾਗ ਦੇ ਟੈਕਸ ਨੂੰ ਚੂਨਾ ਲਾਉਣ ਦਾ ਯਤਨ ਕਰ ਰਹੇ ਹਨ, ਜਿਸ 'ਤੇ ਜਲਦ ਹੀ ਰੋਕ ਲਾਈ ਜਾਵੇਗੀ।
ਜੀ. ਆਰ. ਪੀ. ਨੇ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਕੀਤੇ ਕਾਬੂ
NEXT STORY