ਮੋਗਾ (ਚਟਾਨੀ)-ਬੇਸਹਾਰਾ ਪਸ਼ੂਆਂ ਵੱਲੋਂ ਫਸਲਾਂ ਦੀ ਕੀਤੀ ਜਾ ਰਹੀ ਬਰਬਾਦੀ ਤੋਂ ਅੱਕੇ ਕਿਸਾਨਾਂ ਨੇ ਹੁਣ ਸਰਕਾਰ ਨਾਲ ਇਸ ਮੁੱਦੇ ’ਤੇ ਆਰ-ਪਾਰ ਦੀ ਲਡ਼ਾਈ ਲਡ਼ਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸਰਕਾਰ ਨੂੰ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਫਰਵਰੀ ਮਹੀਨੇ ਦੇ ਅੰਤ ਤੱਕ ਪੰਜਾਬ ’ਚ ਫਿਰਦੇ ਪਸ਼ੂਆਂ ਨੂੰ ਸਾਂਭਣ ਵਾਸਤੇ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਮਾਰਚ ਮਹੀਨੇ ਦੇ ਆਰੰਭ ਵਿਚ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੀ ਕੋਠੀ ਮੂਹਰੇ ਪਸ਼ੂਆਂ ਨੂੰ ਛੱਡਿਆ ਜਾਵੇਗਾ। ਅੱਜ ਇੱਥੇ ਗੁਰਦੁਆਰਾ ਮੁਗਲੂ ਪੱਤੀ ਸਾਹਿਬ ਵਿਖੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾਡ਼ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮਾਰਚ ਮਹੀਨੇ ਵਾਲੇ ਐਕਸ਼ਨ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਨੂੰ ਇਕੱਤਰ ਕਰ ਕੇ ਮੁੱਖ ਮੰਤਰੀ ਦੀ ਚੰਡੀਗਡ਼੍ਹ ਕੋਠੀ ਮੂਹਰੇ ਛੱਡ ਦਿੱਤਾ ਜਾਵੇਗਾ। ਜ਼ਿਲਾ ਪ੍ਰਧਾਨ ਜਸਵੰਤ ਸਿੰਘ ਜੈਮਲਵਾਲਾ, ਬਲਾਕ ਪ੍ਰਧਾਨ ਗੁਰਜੀਤ ਸਿੰਘ ਲੰਗੇਆਣਾ, ਮੁਖਤਿਆਰ ਸਿੰਘ ਦੀਨਾ ਸਾਹਿਬ ਨੇ ਕਿਹਾ ਕਿ ਬੇਸਹਾਰਾ ਪਸ਼ੂ ਜਿਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਖਰਾਬ ਕਰ ਸੁੱਟਦੇ ਹਨ, ਉਥੇ ਹੀ ਇਹ ਸਡ਼ਕ ਹਾਦਸਿਆਂ ਦਾ ਵੀ ਮੁੱਖ ਕਾਰਨ ਬਣ ਰਹੇ ਹਨ। ਜੇਕਰ ਸਰਕਾਰ ਗਊ ਸੈੱਸ ਰਾਹੀਂ ਜਨਤਾ ਤੋਂ ਵੱਡੀ ਰਾਸ਼ੀ ਇਕੱਤਰ ਕਰ ਰਹੀ ਹੈ ਤਾਂ ਫਿਰ ਪਸ਼ੂਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਕਿਉਂ ਨਹੀਂ ਚੁੱਕ ਰਹੀ। ਇਸ ਮੌਕੇ ਮਨਜੀਤ ਸਿੰਘ ਖੋਟੇ, ਦਰਸ਼ਨ ਸਿੰਘ, ਪ੍ਰਦੁਮਨ ਸਿੰਘ, ਜਿੰਦਰ ਸਿੰਘ ਜੈਮਲਵਾਲਾ, ਸੇਵਕ ਸਿੰਘ, ਗੁਰਜੰਟ ਸਿੰਘ, ਮੰਦਰ ਸਿੰਘ, ਦਰਸ਼ਨ ਸਿੰਘ ਜੈਮਲਵਾਲਾ, ਰਣਤੇਜ ਸਿੰਘ ਅਤੇ ਬਲਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।
ਘਰ-ਘਰ ਪੁੱਜਦੀ ਕਰਾਂਗੇ ਕਾਂਗਰਸ ਦੀ ਲੋਕਪੱਖੀ ਵਿਚਾਰਧਾਰਾ : ਮਹੇਸ਼ਇੰਦਰ ਸਿੰਘ
NEXT STORY