ਮੋਗਾ (ਗੋਪੀ ਰਾਊਕੇ)-ਵੱਖ-ਵੱਖ ਬੈਂਕਾਂ ਵਲੋਂ ਕਿਸਾਨਾਂ ਦੀਆਂ ਖੇਤੀ ਲਿਮਟਾਂ ਬਨਾਉਣ ਵਾਲੇ ਲਏ ਗਏ ਖਾਲੀ ਚੈੱਕਾਂ ਨੂੰ ਵਾਪਸ ਕਰਵਾਉਣ ਲਈ ਅੱਜ ਇੱਥੇ ਲੀਡ ਬੈਂਕ ਮੋਗਾ ਮੂਹਰੇ ਕਿਸਾਨ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਝੰਡੇ ਹੇਠ ਵਿਸ਼ਾਲ ਰੋਸ ਧਰਨਾ ਦਿੰਦਿਆ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂਆਂ ਦਾ ਦੋਸ਼ ਸੀ ਕਿ ਬੈਂਕ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਗੈਰ ਕਾਨੂੰਨੀ ਢੰਗ ਕਿਸਾਨਾਂ ਤੋਂ ਖਾਲੀ ਚੈੱਕ ਲਏ ਹੋਏ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜ਼ਿਲਾ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਕਲਾਂ, ਜ਼ਿਲਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਦੱਸਿਆ ਕਿ ਖਾਲੀ ਚੈੱਕਾਂ/ਪਰਨੋਟਾਂ ਤੇ ਅਸ਼ਟਾਮਾਂ ਦੀ ਵਾਪਸੀ ਲਈ ਪਹਿਲਾਂ ਵੀ ਜਨਵਰੀ ਦੇ ਪਹਿਲੇ ਹਫਤੇ ਲਗਾਤਾਰ ਪੰਜ ਦਿਨ ਧਰਨਾ ਇਥੇ ਹੀ ਲੀਡ ਬੈਂਕ ਮੋਗਾ ਦੇ ਸਾਹਮਣੇ ਰੱਖਿਆ ਸੀ ਤੇ ਬਾਅਦ ’ਚ ਫਰਵਰੀ ’ਚ ਕਈ ਦਿਨ ਲਗਾਤਾਰ ਦਿਨ-ਰਾਤ ਧਰਨਾ ਲੁਧਿਆਣਾ ਵਿਖੇ ਚੱਲਦਾ ਰਿਹਾ। ਲੁਧਿਆਣੇ ਦੇ ਧਰਨੇ ਸਮੇਂ ਹਾਈਕੋਰਟ ਨੇ ਵੀ ਮੰਨਿਆ ਸੀ ਕਿ ਪੰਜ ਏਕਡ਼ ਤੱਕ 10 ਲੱਖ ਰੁਪਏ ਤੱਕ ਦੇ ਕਿਸਾਨਾਂ ਦੇ ਖਾਲੀ ਚੈੱਕ ਵਾਪਸ ਕੀਤੇ ਜਾਣਗੇ। ਪੰਜਾਬ ’ਚ ਕਈ ਥਾਵਾਂ ’ਤੇ ਬੈਂਕਾਂ ਅੱਗੇ ਲਾਏ ਧਰਨਿਆਂ ਤੋਂ ਬਾਅਦ ਬੈਂਕਾਂ ਨੇ ਖਾਲੀ ਚੈੱਕ ਵਾਪਸ ਕਰ ਦਿੱਤੇ ਹਨ ਤੇ ਕਈ ਬੈਂਕ ਅਧਿਕਾਰੀ ਅਜੇ ਵੀ ਘੇਸਲ ਮਾਰੀ ਬੈਠੇ ਹਨ, ਹੁਣ ਜਦ ਤੱਕ ਬੈਂਕ ਅਧਿਕਾਰੀ ਖਾਲੀ ਚੈੱਕ ਵਾਪਸ ਨਹੀਂ ਕਰਦੇ ਤੇ ਖਾਲੀ ਚੈੱਕਾਂ ਕਾਰਨ ਹੀ ਜਿਨ੍ਹਾਂ ਕਿਸਾਨਾਂ ਖਿਲਾਫ ਅਦਾਲਤ ’ਚ ਕੇਸ ਚੱਲਦੇ ਹਨ ਉਹ ਕੇਸ ਵਾਪਸ ਨਹੀਂ ਹੁੰਦੇ ਉਨਾ ਚਿਰ ਕਿਸਾਨਾਂ ਦਾ ਇਹ ਧਰਨਾ ਦਿਨ-ਰਾਤ ਜਾਰੀ ਰਹੇਗਾ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਵੀ ਕਈ ਮੰਗਾਂ ਹਨ, ਕਿਸਾਨਾਂ ਨੂੰ ਝੋਨਾ ਲਾਉਣ ਲਈ ਸਮੇਂ ਸਿਰ ਬਿਜਲੀ ਤੇ ਨਹਿਰੀ ਪਾਣੀ ਦਿੱਤਾ ਜਾਵੇ, ਕਿਸਾਨਾਂ ਨੂੰ ਫਸਲਾਂ ਦੇ ਲਾਭਕਾਰੀ ਭਾਅ ਦਿੱਤੇ ਜਾਣ, ਬੇਸਹਾਰਾ ਪਸ਼ੂਆਂ ਤੇ ਕੱੁਤਿਆਂ ਦਾ ਪ੍ਰਬੰਧ ਕੀਤਾ ਜਾਵੇ, ਖੁਦਕੁਸ਼ੀ ਪੀਡ਼੍ਹਤ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ, ਇਕ ਜੀਅ ਨੂੰ ਸਰਕਾਰੀ ਨੌਕਰੀ ਤੇ ਉਨ੍ਹਾਂ ਦੇ ਕਰਜ਼ਿਆਂ ’ਤੇ ਲਕੀਰ ਮਾਰੀ ਜਾਵੇ, ਪਡ਼੍ਹੇ ਲਿਖੇ ਤੇ ਅਨਪਡ਼੍ਹਾਂ ਨੂੰ ਉਨ੍ਹਾਂ ਦੀ ਯੌਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ, ਜਾਂ ਗੁਜ਼ਾਰੇ ਯੋਗ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਇਸ ਮੌਕੇ ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਦਾਸ਼ ਸਿੰਘ ਸੇਖਾ ਕਲਾਂ, ਗੁਰਭਿੰਦਰ ਸਿੰਘ, ਸਦਾਗਰ ਸਿੰਘ, ਹਰਮੰਦਰ ਸਿੰਘ, ਜੰਗੀਰ ਸਿੰਘ, ਮੁਖਤਿਆਰ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।
ਗੋ ਗਲੋਬਲ ਨੇ ਲਵਾਇਆ ਆਸਟ੍ਰੇਲੀਆ ਦਾ ਵੀਜ਼ਾ
NEXT STORY