ਮੋਗਾ (ਵਿਪਨ ਓਕਾਂਰਾ) : ਮੋਗਾ ਦੇ ਸਿਵਲ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਜ਼ਖਮੀ ਵਿਅਕਤੀ ਦੇ ਪਰਿਵਾਰ ਵਲੋਂ ਹਸਪਤਾਲ ਦੇ ਡਾਕਟਰਾਂ 'ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦੇ ਹੋਏ ਲਾਪ੍ਰਵਾਹ ਡਾਕਟਰਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ।

ਦਰਅਸਲ ਮੋਗਾ ਦਾ ਖੂਨੀ ਮਸੀਤ ਵਾਸੀ ਮਲਕੀਤ ਸਿੰਘ ਆਪਣੇ ਭਰਾ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੱਛਿਓਂ ਤੇਜ਼ ਰਫਤਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮਲਕੀਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰ ਮੁਤਾਬਕ ਮਲਕੀਤ ਸਿੰਘ ਨੂੰ ਦੁਪਹਿਰ 3 ਵਜੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਸਪਤਾਲ ਦੇ ਕਿਸੇ ਡਾਕਟਰ ਵਲੋਂ ਉਸ ਦਾ ਚੈਕਅੱਪ ਤੱਕ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਮਲਕੀਤ ਸਿੰਘ ਦਾ ਪ੍ਰਾਈਵੇਟ ਹਸਪਤਾਲ ਤੋਂ ਐਕਸ-ਰੇਅ ਕਰਵਾਇਆ ਗਿਆ, ਜਿਨ੍ਹਾਂ ਨੇ ਮਲਕੀਤ ਦੀ ਹੱਡੀ 'ਚ ਫਰੈਕਚਰ ਹੋਣ ਦੀ ਗੱਲ ਕਹੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਹੰਗਾਮੇ ਤੋਂ ਬਾਅਦ ਰਾਤ 8 ਵਜੇ ਮਲਕੀਤ ਸਿੰਘ ਦਾ ਐਕਸ-ਰੇਅ ਕੀਤਾ ਪਰ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਰਿਪੋਰਟ 'ਤੇ ਟਾਈਮ ਦੁਪਹਿਰ ਦਾ ਹੀ ਪਾਇਆ। ਇੰਨਾਂ ਹੀ ਨਹੀਂ ਰਿਪੋਰਟ 'ਚ ਮਲਕੀਤ ਸਿੰਘ ਦੇ ਕਿਸੇ ਤਰ੍ਹਾਂ ਦਾ ਫਰੈਕਚਰ ਨਾ ਹੋਣ ਦੀ ਪੁਸ਼ਟੀ ਵੀ ਕੀਤੀ।
ਪਰਿਵਾਰ ਨੇ ਦੋਸ਼ ਲਗਾਇਆ ਕਿ ਸਰਕਾਰੀ ਡਾਕਟਰ ਦੂਜੀ ਧਿਰ ਨੂੰ ਬਚਾਉਣ ਲਈ ਝੂਠੀ ਰਿਪੋਰਟ ਤਿਆਰ ਕਰ ਰਹੇ ਹਨ ਪਰ ਇਸ ਸਾਰੀ ਘਟਨਾ 'ਚ ਪੁਲਸ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਪੱਖ ਪੂਰਦੀ ਦਿਖਾਈ ਦਿੱਤੀ। ਫਿਲਹਾਲ ਪੀੜਤ ਪਰਿਵਾਰ ਨੇ ਲਾਪਰਵਾਹ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਤਰਨਤਾਰਨ ਦੇ ਨੌਜਵਾਨ ਦਾ ਆਸਟ੍ਰੇਲੀਆ 'ਚ ਕਤਲ
NEXT STORY