ਜਲੰਧਰ(ਲਾਭ ਸਿੰਘ ਸਿੱਧੂ)– ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਮੋਗੇ ਦੇ ਕਿਲੀ ਚਹਿਲਾਂਵਾਲੀ ’ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਕਾਂਗਰਸ ਸਰਕਾਰ ਦਾ ਸੂਬੇ ’ਚ ਬੋਰੀਆ-ਬਿਸਤਰਾ ਗੋਲ ਕਰ ਕੇ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਦਾ ਮੁੱਢ ਬੰਨੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਬਾਦਲ ਪਿੰਡ ’ਚ ਆਪਣੀ ਰਿਹਾਇਸ਼ ਵਿਖੇ ਮਾਲਵੇ ਦੇ 80 ਤੋਂ ਵੱਧ ਸੀਨੀਅਰ ਲੀਡਰਾਂ ਨਾਲ ਉੱਚ-ਪੱਧਰੀ ਮੀਟਿੰਗ ਕਰਨ ਤੋਂ ਬਾਅਦ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੀ।
ਸੁਖਬੀਰ ਨੇ ਕਿਹਾ ਕਿ ਇਹ ਰੈਲੀ ਸੂਬੇ ’ਚ ਹਿੰਦੂ-ਸਿੱਖ ਏਕਤਾ ਦੀ ਮੁੱਦਈ ਹੋਵੇਗੀ ਅਤੇ ਸੂਬੇ ਨੂੰ ਲੁੱਟਣ ਵਾਲੀਆਂ ਤਾਕਤਾਂ ਨੂੰ ਲਾਂਭੇ ਕਰੇਗੀ। ਉਨ੍ਹਾਂ ਅਕਾਲੀ ਲੀਡਰਾਂ ਨੂੰ ਕਿਹਾ ਕਿ ਅੱਜ ਤਕ ਜਿੰਨੀਆਂ ਵੀ ਰੈਲੀਆਂ ਪਾਰਟੀ ਨੇ ਇਸ ਥਾਂ ਕੀਤੀਆਂ ਹਨ, ਉਨ੍ਹਾਂ ਤੋਂ ਇਹ ਰੈਲੀ ਕਿਤੇ ਵੱਡੀ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਦੀ ਚੰਨੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਏ ਪਏ ਹਨ ਅਤੇ ਉਹ ਸਿਰਫ ਚੋਣ ਜ਼ਾਬਤੇ ਦੀ ਉਡੀਕ ਕਰ ਰਹੇ ਹਨ। ਚੰਨੀ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਵਜ਼ਾਰਤ ’ਚ ਰਹਿੰਦੇ ਹੋਏ ਇਨ੍ਹਾਂ ਮੰਤਰੀਆਂ ਨੇ ਸੂਬੇ ਨੂੰ ਲੁੱਟਿਆ ਅਤੇ ਅਕਾਲੀ ਦਲ ਦੇ ਵਰਕਰਾਂ ’ਤੇ ਝੂਠੇ ਪਰਚੇ ਦਰਜ ਕਰਵਾਏ। ਮੁੱਖ ਮੰਤਰੀ ਚੰਨੀ ਆਏ ਦਿਨ ਕੋਈ ਨਾ ਕੋਈ ਸ਼ਗੂਫਾ ਛੱਡ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਹੁਣ ਜਨਤਾ ਨੂੰ ਉਨ੍ਹਾਂ ਦੀ ਅਸਲੀਅਤ ਬਾਰੇ ਪਤਾ ਲੱਗ ਗਿਆ ਹੈ ਕਿ ਉਹ ਕਰਦੇ ਕੁਝ ਨਹੀਂ, ਸਿਰਫ ਐਲਾਨ ਹੀ ਕਰਦੇ ਹਨ। ਹੁਣ ਤਕ ਜਿੰਨੇ ਵੀ ਐਲਾਨ ਚੰਨੀ ਨੇ ਕੀਤੇ ਹਨ, ਉਨ੍ਹਾਂ ’ਚੋਂ ਕਿਸੇ ਨੂੰ ਵੀ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਕਿਉਂਕਿ ਇਨ੍ਹਾਂ ਦੀ ਨੀਤ ’ਚ ਖੋਟ ਹੈ।
ਪਾਰਟੀ ਪ੍ਰਧਾਨ ਨੇ ਪਾਰਟੀ ਲੀਡਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਹਲਕਿਆਂ ’ਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਸਬੰਧੀ ਜਾਗਰੂਕ ਕਰਨ ਅਤੇ ਦੱਸਣ ਕਿ ਅਕਾਲੀ ਦਲ ਨੇ ਆਗੂਆਂ ਨੇ ਪੰਜਾਬ ਦੀ ਜਨਤਾ ਲਈ ਕੀ-ਕੀ ਕੀਤਾ ਹੈ। ਹਰੇਕ ਹਲਕੇ ’ਚ ਲੋਕ ਵਹੀਰਾਂ ਘੱਤ ਕੇ ਮੋਗਾ ਰੈਲੀ ’ਚ ਪਹੁੰਚਣ ਤਾਂ ਜੋ ਇਕੱਠ ਨੂੰ ਵੇਖ ਕੇ ਚੰਨੀ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਜਾਵੇ। ਇਹੀ ਇਕੱਠ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਭਾਜੜਾਂ ਪਾਏਗਾ। ਕੇਜਰੀਵਾਲ ਵਲੋਂ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਨੂੰ ਵੀ ਇਹ ਇਕੱਠ ਖਦੇੜੇਗਾ।
ਮੀਟਿੰਗ ’ਚ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਮਨਤਾਰ ਬਰਾੜ, ਜਗਮੀਤ ਸਿੰਘ ਬਰਾੜ, ਤੇਜਿੰਦਰ ਸਿੰਘ ਮਿੱਠੂ ਖੇੜਾ ਹਰਪ੍ਰੀਤ ਸਿੰਘ ਮਲੋਟ, ਰੋਜ਼ੀ ਬਰਕੰਦੀ, ਹੰਸਰਾਜ ਜੋਸ਼ਨ, ਸਰੂਪ ਚੰਦ ਸਿੰਗਲਾ, ਹਰਦੀਪ ਸਿੰਘ ਛਿੰਬੀ ਢਿੱਲੋਂ, ਨੋਨੀ ਮਾਨ, ਮਹਿੰਦਰ ਸਿੰਘ ਰਿਟਵਾ ਤੋਂ ਇਲਾਵਾ ਵੱਡੀ ਗਿਣਤੀ ਜ਼ਿਲਾ ਜਥੇਦਾਰ ਤੇ ਹੋਰ ਆਗੂ ਮੌਜੂਦ ਸਨ।
ਬੇਅਦਬੀ ਤੇ ਡਰੱਗਜ਼ ਕਾਂਡ ਦੇ ਦੋਸ਼ੀ ਗ੍ਰਿਫਤਾਰੀ ਤੋਂ ਬਚ ਨਹੀਂ ਸਕਣਗੇ : ਸੁਖਜਿੰਦਰ ਰੰਧਾਵਾ
NEXT STORY