ਜਲੰਧਰ (ਪੁਨੀਤ) : ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਗਏ ਹਨ। ਡੀ. ਸੀ. ਦਾ ਚਾਰਜ ਸੰਭਾਲ ਰਹੇ ਕੁਲਵੰਤ ਸਿੰਘ ਨੇ ਸਾਰੇ ਐੱਸ. ਡੀ. ਐੱਮਜ਼ ਨੂੰ ਹੁਕਮ ਦਿੰਦੇ ਹੋਏ ਕਿਹਾ ਕਿ ਮਾਨਸੂਨ ਆਉਣ ਵਾਲਾ ਹੈ, ਜਿਸ ਕਾਰਨ ਇਲਾਕੇ ਦਾ ਦੌਰਾ ਕਰ ਕੇ ਹੜ੍ਹਾਂ ਨੂੰ ਰੋਕਣ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ।
ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ 'ਚ ਹੋਈ ਮੀਟਿੰਗ 'ਚ ਐੱਨ. ਡੀ. ਆਰ. ਐੱਫ. ਸਹਿਤ ਸੈਨਾ ਦੇ ਅਧਿਕਾਰੀ, ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਏ। ਅਧਿਕਾਰੀਆਂ ਨੇ ਕਿਹਾ ਕਿ ਬੰਨ੍ਹਾਂ ਦਾ ਦੌਰਾ ਕਰ ਕੇ ਸੰਵੇਦਨਸ਼ੀਲ ਥਾਵਾਂ ਦੀ ਚੋਣ ਕਰ ਕੇ ਟੀਮਾਂ ਨਾਲ ਮਿਲ ਕੇ ਇਲਾਕੇ ਦੇਖਣੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਸਬ-ਡਵੀਜ਼ਨਾਂ ਦੇ ਕੰਟਰੋਲ ਰੂਮ ਸਥਾਪਤ ਕੀਤੇ ਜਾਣ, ਜੋ ਕਿ 24 ਘੰਟੇ ਪੂਰੇ ਘਟਨਾਕ੍ਰਮ 'ਤੇ ਨਜ਼ਰ ਰੱਖਣ।
ਇਸ ਤੋਂ ਇਲਾਵਾ ਡਰੇਨੇਜ ਵਿਭਾਗ ਦੇ ਇੰਜੀਨੀਅਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ 'ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ। ਉਥੇ ਹੀ ਸਿੰਚਾਈ ਵਿਭਾਗ ਨੂੰ ਵੱਖ-ਵੱਖ ਬ੍ਰਾਂਚਾਂ ਦੀ ਸਫਾਈ ਨੂੰ ਭਰੋਸੇਯੋਗ ਬਣਾਉਣ ਦੇ ਹੁਕਮ ਦਿੱਤੇ ਗਏ ਤਾਂ ਕਿ ਪਾਣੀ ਦੇ ਵਹਾਅ 'ਚ ਕੋਈ ਦਿੱਕਤ ਨਾ ਪੇਸ਼ ਆਵੇ। ਇਸ ਦੇ ਨਾਲ-ਨਾਲ ਸਬੰਧਿਤ ਐੱਸ. ਡੀ. ਐੱਮਜ਼ ਨੂੰ ਜੀਵਨ ਰੱਖਿਅਕ ਜੈਕੇਟਾਂ, ਮੋਟਰ ਇੰਜਣਾਂ, ਰੇਤ ਦੀਆਂ ਬੋਰੀਆਂ, ਵਾਇਰਲੈੱਸ ਸਹਿਤ ਜ਼ਰੂਰਤ ਮੁਤਾਬਕ ਪ੍ਰਬੰਧ ਪੂਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਜ਼ਿਲੇ 'ਚ ਮੌਜੂਦ ਤੈਰਾਕਾਂ ਦੇ ਨਾਲ ਸੰਪਰਕ ਸਥਾਪਤ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਆਫਤ ਦੀ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਮੌਕੇ ਸਿਹਤ ਵਿਭਾਗ ਨੂੰ ਦਵਾਈਆਂ ਦਾ ਸਟਾਕ, ਮੈਡੀਕਲ ਟੀਮਾਂ, ਨਰਸਿੰਗ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ। ਆਫਤ ਦੀ ਸਥਿਤੀ 'ਚ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖਣਾ, ਪੀਣ ਵਾਲੇ ਪਾਣੀ, ਗੁਸਲਖਾਨੇ ਦਾ ਇੰੰਤਜ਼ਾਮ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਐੱਸ. ਡੀ. ਐੱਮ. ਅਮਿਤ ਕੁਮਾਰ, ਰਾਜੇਸ਼ ਕੁਮਾਰ, ਸੰਜੀਵ ਸ਼ਰਮਾ, ਸਹਾਇਕ ਕਮਿਸ਼ਨਰ ਸ਼ਾਇਰੀ ਮਲਹੋਤਰਾ ਤੇ ਹੋਰ ਵੀ ਮੌਜੂਦ ਰਹੇ।
ਫਤਿਹਵੀਰ ਦੀ ਜਾਨ ਨਾ ਬਚਣਾ ਪੰਜਾਬ ਸਰਕਾਰ ਦਾ ਫੇਲੀਅਰ : ਭੂੰਦੜ, ਮਲੂਕਾ
NEXT STORY