ਲੁਧਿਆਣਾ (ਅਮਨ, ਸਿਆਲ)-ਬੀਤੇ ਦਿਨ ਕੇਂਦਰੀ ਜੇਲ 'ਚ ਕੈਦੀਆਂ ਅਤੇ ਪੁਲਸ ਦੇ ਵਿਚ ਹੋਈ ਝੜਪ ਵਿਚ ਜ਼ਖਮੀ ਹੋਏ ਕੈਦੀਆਂ ਅਤੇ ਪੁਲਸ ਮੁਲਾਜ਼ਮਾਂ ਦਾ ਹਾਲ ਪੁੱਛਣ ਅੱਜ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ ਪੁੱਛਿਆ। ਇਸ ਦੌਰਾਨ ਗੋਲੀ ਲੱਗਣ ਤੋਂ ਜਿਸ ਕੈਦੀ ਅਜੀਤ ਸਿੰਘ ਦੀ ਮੌਤ ਹੋ ਗਈ, ਉਸ ਦੇ ਪਰਿਵਾਰ ਵਾਲਿਆਂ ਨੇ ਜੇਲ ਮੰਤਰੀ ਦਾ ਘਿਰਾਓ ਕੀਤਾ। ਜੇਲ ਮੰਤਰੀ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ।
ਇਸ ਮੌਕੇ ਆਪਣੇ ਬੇਟੇ ਦੀ ਮੌਤ ਦਾ ਸਦਮਾ ਨਾ ਬਰਦਾਸ਼ਤ ਕਰ ਰਹੀ ਮ੍ਰਿਤਕ ਦੀ ਮਾਤਾ ਵਾਰ-ਵਾਰ ਬੇਹੋਸ਼ ਹੋ ਰਹੀ ਸੀ, ਜਿਸ ਨੂੰ ਉੱਥੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ 'ਚ ਪੁਲਸ ਦੇ ਸਖਤ ਬੰਦੋਬਸਤ ਕੀਤੇ ਗਏ ਸਨ। ਹਸਪਤਾਲ ਦੇ ਅੰਦਰ-ਬਾਹਰ ਪੂਰਾ ਇਲਾਕਾ ਪੁਲਸ ਛਾਉਣੀ 'ਚ ਤਬਦੀਲ ਸੀ।
ਜਿਸ ਸੰਨੀ ਸੂਦ ਕੈਦੀ ਦੀ ਮੌਤ ਕਾਰਣ ਜੇਲ 'ਚ ਵਿਵਾਦ ਹੋਇਆ, ਉਸ ਦੀ ਭੈਣ ਨੇ ਕਿਹਾ ਕਿ ਮੇਰੇ ਭਰਾ ਦੀ ਮੌਤ ਤਸ਼ੱਦਦ ਨਾਲ ਹੋਈ ਹੈ। ਮੇਰੇ ਭਰਾ ਦੇ ਮੂੰਹ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਸਰੀਰ ਨੀਲਾ ਪੈ ਗਿਆ ਸੀ। ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਫਾਇਰਿੰਗ 'ਚ ਮਾਰੇ ਗਏ ਮ੍ਰਿਤਕ ਦੀ ਮਾਂ ਨੇ ਪੋਸਟਮਾਰਟਮ ਕਰਵਾਉਣ ਤੋਂ ਕੀਤਾ ਇਨਕਾਰ
ਫਾਇਰਿੰਗ 'ਚ ਮਾਰੇ ਗਏ ਹਵਾਲਾਤੀ ਅਜੀਤ ਸਿੰਘ ਦਾ ਜੁਡੀਸ਼ੀਅਲ ਮਜਿਸਟਰੇਟ ਦੀ ਮੌਜੂਦਗੀ ਵਿਚ ਡਾਕਟਰਾਂ ਦੇ ਇਕ ਪੈਨਲ ਵਲੋਂ ਪੋਸਟਮਾਰਟਮ ਦੀ ਕਾਰਵਾਈ ਲਈ ਮ੍ਰਿਤਕ ਹਵਾਲਾਤੀ ਦੀ ਮਾਤਾ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਦਸਤਖਤ ਕਰਨ ਲਈ ਕਾਗਜ਼ਾਤ ਦਿੱਤੇ ਤਾਂ ਉਸ ਨੇ ਗੁੱਸੇ ਵਿਚ ਆ ਕੇ ਕਾਗਜ਼ਾਤ ਸੁੱਟ ਦਿੱਤੇ ਤੇ ਚੀਕਦਿਆਂ ਕਿਹਾ ਜਿਸ ਨੇ ਮੇਰੇ ਪੁੱਤਰ ਨੂੰ ਫਾਇਰਿੰਗ ਵਿਚ ਮਾਰਿਆ ਹੈ, ਉਸ 'ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ, ਉਸ ਤੋਂ ਬਾਅਦ ਹੀ ਕਾਰਵਾਈ ਸੰਭਵ ਹੋਵੇਗੀ।
ਜੇਲ ਅਧਿਕਾਰੀਆਂ 'ਤੇ ਕਾਰਵਾਈ ਹੋਵੇ : ਬੈਂਸ

ਸਿਵਲ ਹਸਪਤਾਲ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜੇਲ ਪ੍ਰਸ਼ਾਸਨ ਦੀ ਨਾਲਾਇਕੀ ਦੱਸਦੇ ਹੋਏ ਕਿਹਾ ਕਿ ਜੇਲ ਅਧਿਕਾਰੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਕੇਸ ਵਿਧਾਨ ਸਭਾ 'ਚ ਚੁੱਕਣਗੇ ਅਤੇ ਜਲਦ ਹੀ ਉਹ ਇਸ ਸਬੰਧੀ ਪੰਜਾਬ ਦੇ ਗਵਰਨਰ ਨਾਲ ਵੀ ਮੁਲਾਕਾਤ ਕਰਨਗੇ।
ਸਨੌਰ ਥਾਣੇ ’ਚ ਸਿੱਖ ਆਗੂ ਦੀ ਕੁੱਟਮਾਰ ਦੇ ਮਾਮਲੇ ਵਿਚ ਘੱਟ ਗਿਣਤੀ ਕਮਿਸ਼ਨ ਨੇ ਐਸ. ਐਸ. ਪੀ. ਤੋਂ ਮੰਗੀ ਰਿਪੋਰਟ
NEXT STORY