ਲੁਧਿਆਣਾ (ਰਾਜ) : ਦੋਸਤ ਨਾਲ ਘਰ ਜਾ ਰਹੇ ਨੌਜਵਾਨ ਦਾ ਸੂਆ ਰੋਡ ’ਤੇ ਸੰਤੁਲਨ ਵਿਗੜ ਗਿਆ ਅਤੇ ਉਸ ਦਾ ਮੋਟਰਸਾਈਕਲ ਖੇਤਾਂ ’ਚ ਡਿੱਗ ਗਿਆ। ਉਸ ਦੇ ਹੱਥ ’ਤੇ ਸੱਟ ਲੱਗੀ। ਉਸ ਦੇ ਪਿੱਛੇ ਆ ਰਹੇ 3 ਮੋਟਰਸਾਈਕਲ ਸਵਾਰ ਨੌਜਵਾਨਾਂ ਤੋਂ ਮਦਦ ਮੰਗੀ ਪਰ ਮਦਦ ਦੇ ਨਾਂ ’ਤੇ ਨੌਜਵਾਨਾਂ ਨੇ ਉਸ ਦੇ ਅੱਖੀਂ ਘੱਟਾ ਪਾ ਦਿੱਤਾ ਅਤੇ ਉਸ ਦਾ ਮੋਟਰਸਾਈਕਲ ਚੁੱਕ ਕੇ ਫ਼ਰਾਰ ਹੋ ਗਏ। ਨੌਜਵਾਨ ਦੇ ਵਿਰੋਧ ਕਰਨ ’ਤੇ ਉਸ ਦੇ ਹੱਥ ’ਤੇ ਦਾਤਰ ਨਾਲ ਹਮਲਾ ਵੀ ਕੀਤਾ।
ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਮੋਟਰਸਾਈਕਲ 6 ਦਿਨ ਪਹਿਲਾਂ ਹੀ ਖਰੀਦਿਆ ਸੀ। ਇਸ ਕੇਸ 'ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਆਕਾਸ਼ ਦਾਸ ਦੀ ਸ਼ਿਕਾਇਤ ’ਤੇ 3 ਅਣਪਛਾਤੇ ਨੌਜਵਾਨਾਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਆਕਾਸ਼ ਦਾਸ ਨੇ ਦੱਸਿਆ ਕਿ ਮੰਗਲਵਾਰ ਨੂੰ ਉਸ ਦੇ ਇਕ ਦੋਸਤ ਦਾ ਜਨਮ ਦਿਨ ਸੀ। ਉਹ ਆਪਣੇ ਬਾਈਕ ’ਤੇ ਦੋਸਤ ਦੇ ਘਰ ਗਿਆ ਹੋਇਆ ਸੀ।
ਜਦੋਂ ਰਾਤ ਨੂੰ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਸੂਆ ਰੋਡ ’ਤੇ ਉਸ ਦੇ ਮੋਟਰਸਾਈਕਲ ਦਾ ਸੁਤੰਲਨ ਵਿਗੜ ਗਿਆ ਅਤੇ ਉਹ ਮੋਟਰਸਾਈਕਲ ਸਮੇਤ ਥੱਲੇ ਡਿੱਗ ਗਿਆ, ਜਿਸ ਕਾਰਨ ਉਸ ਦੇ ਹੱਥਾਂ ਦੀਆਂ ਉਂਗਲਾਂ ’ਤੇ ਸੱਟ ਲੱਗ ਗਈ ਅਤੇ ਉਹ ਦਰਦ ਨਾਲ ਕਰਾਹ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ 3 ਨੌਜਵਾਨ ਉੱਥੋਂ ਲੰਘ ਰਹੇ ਸਨ, ਜਿਨ੍ਹਾਂ ਨੇ ਉਸ ਨੂੰ ਡਿੱਗੇ ਹੋਏ ਦੇਖਿਆ ਅਤੇ ਹਾਲ ਪੁੱਛਣ ਲੱਗੇ। ਉਸ ਨੇ ਨੌਜਵਾਨਾਂ ਨੂੰ ਉਸ ਨੂੰ ਉਠਾਉਣ ਲਈ ਕਿਹਾ ਤਾਂ ਨੌਜਵਾਨਾਂ ਨੇ ਉਸ ਨੂੰ ਉਠਾਉਣ ਦੀ ਬਜਾਏ ਪਹਿਲਾਂ ਉਸ ਦਾ ਨਵਾਂ ਮੋਟਰਸਾਈਕਲ ਚੁੱਕਿਆ ਅਤੇ ਲੈ ਕੇ ਸਾਈਡ ’ਤੇ ਚਲੇ ਗਏ।
ਜਦੋਂ ਉਸ ਨੇ ਕਿਹਾ ਉਹ ਮੋਟਰਸਾਈਕਲ ਕਿਧਰ ਲਿਜਾ ਰਹੇ ਹਨ ਤਾਂ ਉਨ੍ਹਾਂ ਨੇ ਮੋਟਰਸਾਈਕਲ ਸਟਾਰਟ ਕਰ ਲਿਆ। ਆਕਾਸ਼ ਦਾਸ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਉੱਠਿਆ ਅਤੇ ਉਸ ਨੇ ਪਿੱਛੇ ਬੈਠੇ ਨੌਜਵਾਨ ਨੂੰ ਫੜ੍ਹ ਲਿਆ। ਇਸ ’ਤੇ ਨੌਜਵਾਨ ਨੇ ਦਾਤਰ ਕੱਢ ਕੇ ਉਸ ਦੇ ਹੱਥ ’ਤੇ ਵਾਰ ਕਰ ਦਿੱਤਾ ਅਤੇ ਸਾਥੀਆਂ ਸਮੇਤ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ, ਅਜੇ ਤਾਂ ਉਸ ਦੇ ਮੋਟਰਸਾਈਕਲ 'ਤੇ ਟੈਂਪਰੇਰੀ ਨੰਬਰ ਹੀ ਲੱਗਾ ਸੀ, ਨਾ ਆਰ. ਸੀ. ਮਿਲੀ ਸੀ ਅਤੇ ਨਾ ਹੀ ਇੰਸ਼ੋਰੈਂਸ ਮਿਲੀ ਸੀ। ਉਧਰ, ਜਾਂਚ ਅਧਿਕਾਰੀ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਘਟਨਾ ਸਥਾਨ ’ਤੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਹਨ। ਉਸ ਤੋਂ ਕੁੱਝ ਦੂਰ ਲੱਗੇ ਹੋਏ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਮੁਲਜ਼ਮਾਂ ਦਾ ਕੋਈ ਸੁਰਾਗ ਹੱਥ ਲੱਗ ਸਕੇ।
1 ਸਾਲ ਪਹਿਲਾਂ ਅੱਜ ਦੇ ਦਿਨ ਹੋਇਆ ਸੀ ਪਿੰਡ ਪੰਡੋਰੀ ਗੋਲਾ 'ਚ ਬੰਬ ਧਮਾਕਾ, ਯਾਦ ਕਰ ਕੰਬ ਜਾਂਦੀ ਹੈ ਰੂਹ
NEXT STORY