ਹੁਸ਼ਿਆਰਪੁਰ, (ਅਮਰਿੰਦਰ) -ਥਾਣਾ ਸਦਰ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਤੋਂ 3 ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕੀਤੇ। ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਦੀ ਅਗਵਾਈ ’ਚ ਏ. ਐੈੱਸ. ਆਈ. ਸਤੀਸ਼ ਕੁਮਾਰ ਨੇ ਪੁਲਸ ਪਾਰਟੀ ਸਣੇ ਉਕਤ ਗਿਰੋਹ ਨੂੰ ਫੜ ਕੇ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਪੁਲਸ ਕੰਪਲੈਕਸ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡੀ. ਐੱਸ. ਪੀ. (ਸਿਟੀ) ਅਨਿਲ ਕੋਹਲੀ ਨੇ ਮੀਡੀਆ ਨੂੰ ਦੱਸਿਆ ਕਿ ਦੀਪਕ ਪੁੱਤਰ ਰਾਮਲੋਕ ਨਿਵਾਸੀ ਪਿੰਡ ਬੱਸੀ ਗੁਲਾਮ ਹੁਸੈਨ ਨੇ ਥਾਣਾ ਸਦਰ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਚਾਚਾ ਦੇ ਲੜਕੇ ਸੰਨੀ ਪੁੱਤਰ ਸੁਰਿੰਦਰਪਾਲ ਨਾਲ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਥਥਲਾ ’ਚ ਪੀਰਾਂ ਦੀ ਜਗ੍ਹਾ ’ਤੇ ਮੇਲਾ ਦੇਖਣ ਗਿਆ ਸੀ।
ਰਾਤ ਕਰੀਬ 11 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਉਸਦਾ ਮੋਟਰਸਾਈਕਲ ਚੋਰੀ ਕਰ ਲਿਆ। ਇਸ ਸਬੰਧੀ ਉਸ ਨੇ ਮਾਮਲਾ ਦਰਜ ਕਰਵਾਇਆ ਸੀ। ਚੋਰੀ ਹੋਏ ਮੋਟਰਸਾਈਕਲ ਨੂੰ 26 ਜੁਲਾਈ ਨੂੰ ਵੇਚਣ ਲਈ ਗੌਰਵ ਹਾਂਡਾ ਪੁੱਤਰ ਕਵੀਰਾਜ ਨਿਵਾਸੀ ਆਦਮਵਾਲ ਤੇ ਗੌਰਵ ਵਰਮਾ ਪੁੱਤਰ ਸੁਮਨ ਕੁਮਾਰ ਨਿਵਾਸੀ ਬਹਾਦਰਪੁਰ, ਨਵਦੀਪ ਉਰਫ ਕਾਲੂ ਨਿਵਾਸੀ ਰਿਸ਼ੀ ਨਗਰ ਤੇ ਅਸ਼ਵਨੀ ਉਰਫ ਕਾਕੂ ਨਿਵਾਸੀ ਪ੍ਰੇਮਗੜ੍ਹ ਫਗਵਾੜਾ ਰੋਡ ਸਥਿਤ ਟੀ. ਬੀ. ਹਸਪਤਾਲ ਕੋਲ ਪਹੁੰਚੇ। ਇਸ ਦੌਰਾਨ ਗੌਰਵ ਹਾਂਡਾ ਤੇ ਗੌਰਵ ਵਰਮਾ ਨੂੰ ਥਾਣਾ ਸਿਟੀ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਪੁੱਛਗਿਛ ਦੌਰਾਨ ਦੋਹਾਂ ਨੇ ਦੱਸਿਆ ਕਿ ਉਹ ਕਾਲੂ ਤੇ ਕਾਕੂ ਨਾਲ ਮਿਲ ਕੇ ਮੋਟਰਸਾਈਕਲ ਚੋਰੀ ਕਰਦੇ ਸਨ, ਜਿਸ ਦੇ ਆਧਾਰ ’ਤੇ ਪੁਲਸ ਨੇ ਉਕਤ ਦੋਵੇਂ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 3 ਮੋਟਰਸਾਈਕਲ ਬਰਾਮਦ ਕੀਤੇ।
ਡੀ. ਐੱਸ. ਪੀ. ਕੋਹਲੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਬਤ ਕੀਤੇ 250 ਕਿੱਲੋ ਪਲਾਸਟਿਕ ਦੇ ਲਿਫਾਫ਼ੇ
NEXT STORY