ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਕੇ 18 ਮੋਟਰਸਾਈਕਲ ਅਤੇ 3 ਸਕੂਟਰੀਆਂ ਬਰਾਮਦ ਕੀਤੀਆਂ, ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਰੁਪਿੰਦਰ ਕੌਰ ਭੱਟੀ ਐੱਸ. ਪੀ. ਆਈ. ਅਤੇ ਪਰਸਨ ਸਿੰਘ ਡੀ. ਐੱਸ. ਪੀ. ਆਈ. ਦੀ ਅਗਵਾਈ ਵਿਚ ਚਲਾਈ ਜਾ ਰਹੀ ਮੁਹਿੰਮ ਤਹਿਤ ਜਦੋਂ ਸੀ. ਆਈ. ਏ. ਸਟਾਫ ਮੋਗਾ ਦੇ ਸਹਾਇਕ ਥਾਣੇਦਾਰ ਪਰਮਦੀਪ ਸਿੰਘ ਪੁਲਸ ਪਾਰਟੀ ਸਮੇਤ ਮਹਿਣਾ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਗੁਪਤ ਸੂਚਨਾਂ ਦੇ ਆਧਾਰ ’ਤੇ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਜਗਜੀਤ ਸਿੰਘ ਉਰਫ ਹੈਰੀ ਦੋਨੋਂ ਨਿਵਾਸੀ ਤਲਵੰਡੀ ਰੋਡ ਜ਼ੀਰਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ, ਜਿਨ੍ਹਾਂ ਖ਼ਿਲਾਫ਼ ਥਾਣਾ ਮਹਿਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਜਦੋਂ ਇਲਾਕੇ ਵਿਚ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਜਗਜੀਤ ਸਿੰਘ ਉਰਫ ਜੱਗਾ ਨਿਵਾਸੀ ਪਿੰਡ ਦੌਲੇਵਾਲਾ ਨੂੰ ਕਾਬੂ ਕਰ ਕੇ ਚੋਰੀ ਦੇ ਤਿੰਨ ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰੀ ਬਰਾਮਦ ਕੀਤੀ, ਦੋਸ਼ੀ ਖਿਲਾਫ਼ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਜਦੋਂ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਗੁਪਤ ਸੂਚਨਾਂ ਦੇ ਆਧਾਰ ’ਤੇ ਸੋਨੂੰ ਕੁਮਾਰ, ਵਿਸ਼ਾਲ ਕੁਮਾਰ ਨਿਵਾਸੀ ਜ਼ੀਰਾ (ਫਿਰੋਜ਼ਪੁਰ) ਨੂੰ ਕਾਬੂ ਕਰ ਕੇ ਚੋਰੀ ਦੇ 5 ਮੋਟਰਸਾਈਕਲ ਅਤੇ ਦੋ ਐਕਟਿਵਾ ਸਕੂਟਰੀਆਂ ਬਰਾਮਦ ਕੀਤੀਆਂ। ਕਥਿਤ ਦੋਸ਼ੀਆਂ ਖਿਲਾਫ਼ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਤੇ ਉਕਤ ਗਿਰੋਹ ਨਾਲ ਸਬੰਧਤ ਹੋਰਨਾਂ ਵਿਅਕਤੀਆਂ ਨੂੰ ਵੀ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜ਼ਹਿਰੀਲੀ ਦਵਾਈ ਪੀਣ ਕਾਰਨ ਵਿਅਕਤੀ ਦੀ ਮੌਤ
NEXT STORY