ਮੋਗਾ (ਆਜ਼ਾਦ, ਕਸ਼ਿਸ਼) - ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਬੱਸ ਸਟੈਂਡ ਮਹਿਣਾ ਦੇ ਨੇੜੇ ਤੇਜ਼ ਰਫ਼ਤਾਰ ਬੋਲੇਰੋ ਕੈਂਪਰ ਦੀ ਚਪੇਟ ਵਿਚ ਆ ਕੇ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਵਾਸੀ ਨੱਥੂਵਾਲਾ ਜਦੀਦ ਵਜੋਂ ਹੋਈ ਹੈ। ਇਸ ਸਬੰਧੀ ਮਹਿਣਾ ਪੁਲਸ ਵੱਲੋਂ ਮ੍ਰਿਤਕ ਦੀ ਧੀ ਰਮਨਦੀਪ ਕੌਰ ਵਾਸੀ ਪਿੰਡ ਸਮਾਲਸਰ ਦੇ ਬਿਆਨਾਂ ਦੇ ਆਧਾਰ ’ਤੇ ਬੋਲੇਰੋ ਚਾਲਕ ਛਿੰਦਾ ਸਿੰਘ ਵਾਸੀ ਪਿੰਡ ਅਲੀਵਾਲਾ (ਫਰੀਦਕੋਟ) ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਨਛੱਤਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਸਰਬਜੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਪਿੰਡ ਤੋਂ ਮੋਗਾ ਵੱਲ ਜਾ ਰਿਹਾ ਸੀ। ਰਸਤੇ ਵਿਚ ਬੋਲੇਰੋ ਚਾਲਕ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਸਰਬਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਬੋਲੇਰੋ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਸਰੀਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਪੰਜਾਬ : ਢਾਬੇ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ 'ਚ ਫੜੇ 8 ਜੋੜੇ
NEXT STORY