ਸ੍ਰੀ ਮੁਕਤਸਰ ਸਾਹਿਬ (ਪਵਨ)—ਸਿੱਖ ਵਿਰਸਾ ਕੌਂਸਲ ਦੀ ਅਗਵਾਈ ਵਿਚ ਅੱਜ ਕੌਂਸਲ ਦੇ ਵਰਕਰਾਂ ਤੇ ਸਬਜ਼ੀ ਮੰਡੀ ਦੇ ਨੇੜਲੇ ਦੁਕਾਨਦਾਰਾਂ ਨੇ ਸਬਜ਼ੀ ਮੰਡੀ ਵਿਚ ਬਣੇ ਕੂੜਾ ਡੰਪ ਦਾ ਵਿਰੋਧ ਕਰਦਿਆਂ ਡੰਪ ਤੋਂ ਕੂੜਾ ਲਿਫਾਫਿਆਂ ਵਿਚ ਭਰ ਕੇ ਨਗਰ ਕੌਂਸਲ ਦੇ ਦਫ਼ਤਰ ਦੇ ਅੰਦਰਲੇ ਗੇਟ ਅੱਗੇ ਖਿਲਾਰ ਕੇ ਰੋਸ ਮਾਰਚ ਕੱਢਿਆ।
ਇਸ ਮੌਕੇ ਸਿੱਖ ਵਿਰਸਾ ਕੌਂਸਲ ਦੇ ਅਹੁਦੇਦਾਰਾਂ ਤੇ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਵਿਚ ਜਗ੍ਹਾ-ਜਗ੍ਹਾ ਕੂੜੇ ਦੇ ਡੰਪ ਲੱਗੇ ਹੋਏ ਹਨ ਤੇ ਇਕ ਵੱਡਾ ਡੰਪ ਸਬਜ਼ੀ ਮੰਡੀ ਵਿਚ ਹੀ ਨਗਰ ਕੌਂਸਲ ਵੱਲੋਂ ਲਾਇਆ ਗਿਆ। ਸ਼ਹਿਰ ਦੇ ਵਿਚਕਾਰ ਸਥਿਤ ਇਸ ਸਬਜ਼ੀ ਮੰਡੀ ਤੋਂ ਸਾਰਾ ਸ਼ਹਿਰ ਸਬਜ਼ੀ ਤੇ ਫਲ ਖਰੀਦਦਾ ਹੈ ਪਰ ਇਹ ਕੂੜੇ ਦੇ ਡੰਪ ਕਾਰਨ ਜਿਥੇ ਇਥੇ ਗੰਦੀ ਬਦਬੂ ਮਾਰ ਰਹੀ ਹੈ, ਉਥੇ ਹੀ ਨੇੜਲੇ ਦੁਕਾਨਦਾਰਾਂ ਲਈ ਇਹ ਡੰਪ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਹੈ।
ਇਸ ਡੰਪ ਨੂੰ ਇਥੋਂ ਚੁਕਵਾਉਣ ਲਈ ਨਗਰ ਕੌਂਸਲ ਨੂੰ 10 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਅਜੇ ਵੀ ਕੂੜੇ ਦਾ ਡੰਪ ਉਸੇ ਤਰ੍ਹਾਂ ਹੈ। ਨਗਰ ਕੌਂਸਲ ਵੱਲੋਂ ਭੇਜੇ ਕਰਮਚਾਰੀ ਹਰ ਰੋਜ਼ ਕੁਝ ਕੁ ਕੂੜਾ ਚੁੱਕ ਜਾਂਦੇ ਹਨ ਪਰ ਕਾਫ਼ੀ ਮਾਤਰਾ ਵਿਚ ਕੂੜਾ ਇਥੇ ਪਿਆ ਰਹਿਣ ਕਰਕੇ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ, ਜਿਸ ਕਾਰਨ ਜਥੇਬੰਦੀ ਨੇ ਫੈਸਲਾ ਲੈਂਦਿਆਂ ਇਹ ਕੂੜਾ ਅੱਜ ਨਗਰ ਕੌਂਸਲ ਦਫ਼ਤਰ ਦੇ ਗੇਟ ਵਿਚ ਸੁੱਟਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਕੂੜੇ ਦਾ ਡੰਪ ਇਸ ਜਗ੍ਹਾ ਤੋਂ ਨਾ ਚੁਕਵਾਇਆ ਗਿਆ ਤਾਂ ਫਿਰ ਇਹ ਕੂੜਾ ਅਫ਼ਸਰਾਂ ਦੇ ਘਰਾਂ ਵਿਚ ਸੁੱਟਿਆ ਜਾਵੇਗਾ।
ਜਲਦ ਹੀ ਕੂੜਾ ਡੰਪ ਇਸ ਜਗ੍ਹਾ ਤੋਂ ਹੋ ਜਾਵੇਗਾ ਸ਼ਿਫਟ : ਈ. ਓ.
ਇਸ ਉਪਰੰਤ ਸਮੂਹ ਪ੍ਰਦਰਸ਼ਨਕਾਰੀਆਂ ਦੀ ਕਾਰਜ ਸਾਧਕ ਅਫ਼ਸਰ ਰਵੀ ਕੁਮਾਰ ਜਿੰਦਲ ਨਾਲ ਹੋਈ ਮੀਟਿੰਗ ਵਿਚ ਕਾਰਜ ਸਾਧਕ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਡੰਪ ਇਥੋਂ ਬਦਲ ਦਿੱਤਾ ਜਾਵੇਗਾ, ਸ਼ਹਿਰ ਵਿਚ ਕੂੜੇ ਦੀ ਸੰਭਾਲ ਲਈ ਨਗਰ ਕੌਂਸਲ ਵੱਲੋਂ ਕੀਤੇ ਠੇਕੇ ਅਨੁਸਾਰ ਡਸਟਬੀਨ ਲਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਵਿਚ ਅੜਚਨ ਪੈਦਾ ਕਰਦੇ ਰੇਹੜੀ ਮਾਰਕੀਟ ਦੇ ਬਾਹਰ ਰੇਹੜੀਆਂ ਲਾਉਣ ਵਾਲਿਆਂ ਤੇ ਜਿਨ੍ਹਾਂ ਖਾਲੀ ਪਲਾਟਾਂ ਵਿਚ ਕੂੜੇ ਦੇ ਢੇਰ ਲੱਗੇ ਹਨ, ਦੇ ਮਾਲਕਾਂ ਦੇ ਚਲਾਨ ਕੱਟੇ ਜਾਣਗੇ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਤੋਂ ਕੂੜੇ ਦਾ ਡੰਪ ਸ਼ਿਫਟ ਕਰਨ ਦੀ ਕਾਰਵਾਈ ਹੁਣ ਤੋਂ ਹੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਅਮਨਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਗਗਨਪ੍ਰੀਤ ਸਿੰਘ, ਜਤਿੰਦਰ ਭਾਰਤੀ, ਜਸਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਜਸਵੀਰ ਸਿੰਘ, ਮਨਵਿੰਦਰ ਸਿੰਘ, ਹਰਮੀਤ ਸਿੰਘ, ਹਰਜੀਤ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਵਿਅਕਤੀ ਲਾਪਤਾ
NEXT STORY