ਜਲੰਧਰ/ਮੁਕੇਰੀਆਂ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਕੇਰੀਆਂ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 'ਚ ਰਣਨੀਤੀ ਕਾਰਗਰ ਸਾਬਤ ਹੋਈ ਹੈ। ਮੁੱਖ ਮੰਤਰੀ ਨੇ ਮੁਕੇਰੀਆਂ ਵਿਧਾਨ ਸਭਾ ਸੀਟ ਬਾਰੇ ਆਪਣੀ ਰਣਨੀਤੀ 4 ਮਹੀਨੇ ਪਹਿਲਾਂ ਤੈਅ ਕਰ ਲਈ ਸੀ। ਲੋਕ ਸਭਾ ਚੋਣਾਂ 'ਚ ਮੁਕੇਰੀਆਂ 'ਚ ਭਾਜਪਾ ਨੇ ਜ਼ਬਰਦਸਤ ਲੀਡ ਲਈ ਸੀ। ਉਸ ਸਮੇਂ ਭਾਜਪਾ ਨੂੰ ਲਗਭਗ 38000 ਤੋਂ ਵੀ ਵੱਧ ਵੋਟਾਂ ਨਾਲ ਕਾਂਗਰਸ ਦੇ ਮੁਕਾਬਲੇ ਇਸ ਹਲਕੇ ਤੋਂ ਲੀਡ ਮਿਲੀ ਸੀ, ਜਿਸ ਕਾਰਨ ਭਾਜਪਾ ਹੁਸ਼ਿਆਰਪੁਰ ਲੋਕ ਸਭਾ ਸੀਟ ਨੂੰ ਜਿੱਤਣ 'ਚ ਕਾਮਯਾਬ ਹੋ ਸਕੀ ਸੀ।
ਇਸੇ ਗੱਲ ਨੂੰ ਮੁੱਖ ਮੰਤਰੀ ਨੇ ਆਪਣੇ ਮਨ 'ਚ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਨੇ ਭਾਜਪਾ ਦੇ ਵੋਟ ਬੈਂਕ ਕੱਟਣ 'ਚ ਜ਼ਬਰਦਸਤ ਸਫਲਤਾ ਹਾਸਲ ਕੀਤੀ ਕਿਉਂਕਿ ਇਕ ਤਾਂ ਉਨ੍ਹਾਂ ਨੇ ਮੁਕੇਰੀਆਂ 'ਚ ਆਪਣੇ ਭਰੋਸੇਮੰਦ ਕੈਬਨਿਟ ਮੰਤਰੀਆਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ, ਜਿਨ੍ਹਾਂ ਨੇ ਹਰ ਵਾਰਡ 'ਚ ਜਾ ਕੇ ਵੋਟਰਾਂ ਅਤੇ ਕਾਂਗਰਸੀ ਆਗੂਆਂ ਨਾਲ ਸੰਪਰਕ ਕਾਇਮ ਕਰਕੇ ਉਨ੍ਹਾਂ ਨੂੰ ਕਾਂਗਰਸ ਦੇ ਪੱਖ 'ਚ ਚਲਾਇਆ।
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਮੁਕੇਰੀਆਂ 'ਚ ਜਿੱਤ ਯਕੀਨੀ ਬਣਾਉਣ 'ਚ ਕੈਬਨਿਟ ਮੰਤਰੀਆਂ ਓ. ਪੀ. ਸੋਨੀ , ਮੁੱਖ ਮੰਤਰੀ ਦੇ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਅਤੇ ਹੋਰਨਾਂ ਆਗੂਆਂ ਦਾ ਅਹਿਮ ਯੋਗਦਾਨ ਰਿਹਾ ਹੈ। ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ਤੋਂ ਬਾਅਦ ਮੁਕੇਰੀਆਂ ਸੀਟ ਖਾਲੀ ਹੋਈ ਸੀ ਅਤੇ ਮੁੱਖ ਮੰਤਰੀ ਨੇ ਇਸ ਸੀਟ 'ਤੇ ਉਨ੍ਹਾਂ ਦੀ ਪਤਨੀ ਇੰਦੂ ਬਾਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਇਸ ਸੀਟ ਦੀ ਨੁਮਾਇੰਦਗੀ ਡਾਕਟਰ ਕੇਵਲ ਕ੍ਰਿਸ਼ਨ ਕਰਦੇ ਸਨ। ਇੰਦੂ ਬਾਲਾ ਨੂੰ ਟਿਕਟ ਦੇਣ ਤੋਂ ਬਾਅਦ ਕਾਂਗਰਸ ਨੇ ਮੁਕੇਰੀਆਂ 'ਚ ਆਪਣੇ ਘਰ ਨੂੰ ਸੰਭਾਲਿਆ। ਕੈਪਟਨ ਅਮਰਿੰਦਰ ਸਿੰਘ ਨੇ ਮੁਕੇਰੀਆਂ 'ਚ ਵੀ ਹਿੰਦੂ ਕਾਰਡ ਨੂੰ ਖੇਡਿਆ, ਜਿਸ ਦਾ ਮੁਕਾਬਲਾ ਭਾਜਪਾ ਕਰਨ 'ਚ ਅਸਮਰੱਥ ਰਹੀ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਰ ਵਿਧਾਨ ਸਭਾ ਸੀਟ 'ਤੇ ਬਰਾਦਰੀਆਂ ਦੀ ਮੌਜੂਦਗੀ ਨੂੰ ਧਿਆਨ 'ਚ ਰੱਖ ਕੇ ਫੈਸਲੇ ਲਏ ਹਨ। ਇੰਦੂ ਵਾਲਾ ਖੁਦ ਔਰਤ ਹੋਣ ਕਾਰਨ ਵੀ ਔਰਤਾਂ ਦੀਆਂ ਵੱਧ ਵੋਟਾਂ ਲੈਣ 'ਚ ਕਾਮਯਾਬ ਰਹੀ।
ਮੁਕੇਰੀਆਂ 'ਚ ਲੁਬਾਣਾ ਬਰਾਦਰੀ ਦੇ ਲੋਕਾਂ ਨੇ ਵੀ ਕਾਂਗਰਸ ਦੇ ਪੱਖ 'ਚ ਡਟ ਕੇ ਵੋਟਾਂ ਪਾਈਆਂ। ਜਾਤੀਵਾਦੀ ਗਣਿਤ ਵੀ ਕਾਂਗਰਸ ਦੇ ਪੱਖ 'ਚ ਰਿਹਾ। ਮੁਕੇਰੀਆਂ ਦੀ ਚੁਣੌਤੀ ਦਾ ਕਾਂਗਰਸ ਨੇ ਸਫਲਤਾਪੂਰਵਕ ਟਾਕਰਾ ਕੀਤਾ ਹੈ। ਕੁਲ ਮਿਲਾ ਕੇ ਕੈਪਟਨ ਨੇ ਮੁਕੇਰੀਆਂ ਦਾ ਕਿਲਾ ਫਤਿਹ ਕਰਕੇ ਹੁਸ਼ਿਆਰਪੁਰ ਅਤੇ ਦੋਆਬਾ ਇਲਾਕੇ 'ਚ ਕਾਂਗਰਸ 'ਚ ਇਕ ਨਵੀਂ ਜਾਨ ਪਾਉਣ 'ਚ ਸਫਲਤਾ ਹਾਸਲ ਕੀਤੀ ਹੈ।
ਕੌਮਾਂਤਰੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਤੋਂ ਅਗਲੇ ਪੜਾਅ ਲਈ ਰਵਾਨਾ
NEXT STORY