ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਹਰਦੀਪ ਸਿੰਘ ਮੁੰਡੀਆਂ ਨੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਦੇ ਉਨ੍ਹਾਂ ਦੇ ਅਮਰੀਕਾ ਚਲੇ ਜਾਣ ਦੇ ਦਾਅਵਿਆਂ ਦਾ ਕਰਾਰਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਚੰਡੀਗੜ੍ਹ ਵਿੱਚ ਹੀ ਮੌਜੂਦ ਹਨ। ਉਨ੍ਹਾਂ ਬਿੱਟੂ 'ਤੇ ਤਨਜ਼ ਕੱਸਦਿਆਂ ਕਿਹਾ ਕਿ ਟਿਕਟ ਕੱਟੇ ਜਾਣ ਤੋਂ ਬਾਅਦ ਅਜਿਹਾ ਲੱਗਦਾ ਹੈ ਜਿਵੇਂ ਬਿੱਟੂ ਨੇ ਕੋਈ ਟ੍ਰੈਵਲ ਏਜੰਸੀ ਖੋਲ੍ਹ ਲਈ ਹੈ ਅਤੇ ਉਨ੍ਹਾਂ ਦੀ ਅਮਰੀਕਾ ਦੀ ਟਿਕਟ ਬੁੱਕ ਕਰਵਾ ਦਿੱਤੀ ਹੈ।
ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਹਰਦੀਪ ਸਿੰਘ ਮੁੰਡੀਆਂ ਨੇ ਆਪਣੇ ਭਤੀਜੇ ਦੀ ਲੁਧਿਆਣਾ ਸਥਿਤ ਰਿਹਾਇਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਗਈ ਛਾਪੇਮਾਰੀ ਦੇ ਤਰੀਕੇ 'ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਾਇਆ ਕਿ ਛਾਪੇਮਾਰੀ ਦੌਰਾਨ ਪਰਿਵਾਰ ਨੂੰ ਭਾਰੀ ਖੱਜਲ-ਖੁਆਰ ਅਤੇ ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੀ ਇਸ ਤਲਾਸ਼ੀ ਦੌਰਾਨ ਬੱਚਿਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਪਰਿਵਾਰ ਦੀ ਗਰਭਵਤੀ ਔਰਤ ਨੂੰ ਤਿੰਨ-ਚਾਰ ਘੰਟੇ ਲਗਾਤਾਰ ਖੜ੍ਹਾ ਰੱਖਿਆ ਗਿਆ। ਇਸ ਤੋਂ ਇਲਾਵਾ ਇੱਕ ਮਹੀਨੇ ਦੇ ਨਵਜਾਤ ਬੱਚੇ ਨੂੰ ਦੁੱਧ ਪਿਆਉਣ ਤੋਂ ਵੀ ਰੋਕਿਆ ਗਿਆ।
ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਕਿ ਈਡੀ ਦੇ ਅਧਿਕਾਰੀਆਂ ਨੇ ਪਰਿਵਾਰ 'ਤੇ ਦਬਾਅ ਪਾਇਆ ਕਿ ਉਹ ਮੁੰਡੀਆਂ ਨੂੰ 'ਆਪ' ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿਣ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦੇ ਅੰਤ ਵਿੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਲਿਖਤੀ ਦਸਤਾਵੇਜ਼ ਅਨੁਸਾਰ ਪੁਰਾਣੇ ਘਰੇਲੂ ਸਾਮਾਨ ਤੋਂ ਇਲਾਵਾ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਮੁੰਡੀਆਂ ਨੇ ਸਵਾਲ ਉਠਾਇਆ ਕਿ ਜੇਕਰ ਕੋਈ ਬਰਾਮਦਗੀ ਹੀ ਨਹੀਂ ਹੋਈ ਤਾਂ ਪਰਿਵਾਰ ਨੂੰ ਇਸ ਤਰ੍ਹਾਂ ਮਾਨਸਿਕ ਤੌਰ 'ਤੇ ਕਿਉਂ ਤੰਗ ਕੀਤਾ ਗਿਆ।
ਗਰੀਬ ਦੇ ਘਰ ਨੂੰ ਲੱਗੀ ਅੱਗ; ਦੀਵਾਲੀ 'ਤੇ ਮੋਟਰਸਾਈਕਲ ਲੈਣ ਲਈ ਇਕੱਠੇ ਕੀਤੇ ਪੈਸੇ ਵੀ ਸੜ ਕੇ ਸੁਆਹ
NEXT STORY