ਲੁਧਿਆਣਾ(ਹਿਤੇਸ਼)-ਨਗਰ ਨਿਗਮ ਦੇ ਜ਼ੋਨ ਡੀ ਦੀ ਇਮਾਰਤੀ ਸ਼ਾਖਾ ਦੇ ਅਫਸਰ ਵੈਸੇ ਤਾਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਲਈ ਤਿਆਰ ਨਹੀਂ ਹੁੰਦੇ ਅਤੇ ਜੇਕਰ ਉੱਚ ਅਧਿਕਾਰੀਆਂ ਦੇ ਕੋਲ ਸ਼ਿਕਾਇਤ ਪੁੱਜਣ 'ਤੇ ਮਜਬੂਰੀ ਵਿਚ ਕਿਤੇ ਕਾਰਵਾਈ ਕਰਨੀ ਵੀ ਪੈ ਜਾਵੇ ਤਾਂ ਉਹ ਖਾਨਾਪੂਰਤੀ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ, ਜਿਸ ਦਾ ਸਬੂਤ ਏ. ਟੀ. ਪੀ. ਵਿਜੇ ਕੁਮਾਰ ਦੀ ਅਗਵਾਈ ਵਿਚ ਕਾਲਜ ਰੋਡ ਅਤੇ ਸ਼ਹੀਦ ਊਧਮ ਸਿੰਘ ਨਗਰ ਵਿਚ ਕੀਤੀ ਗਈ ਕਾਰਵਾਈ ਦੌਰਾਨ ਦੇਖਣ ਨੂੰ ਮਿਲਿਆ। ਇਸ ਕੇਸ ਵਿਚ 'ਜਗ ਬਾਣੀ' ਨੇ ਦੋ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਜ਼ੋਨ ਡੀ ਦੇ ਅਧੀਨ ਆਉਂਦੇ ਇਲਾਕੇ ਵਿਚ ਥੋਕ ਦੇ ਭਾਅ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ, ਜਿਨ੍ਹਾਂ 'ਤੇ ਸਟਾਫ ਦੀ ਮਿਲੀਭੁਗਤ ਕਾਰਨ ਕੋਈ ਕਾਰਵਾਈ ਤਾਂ ਕੀ ਹੋਣੀ ਹੈ, ਉਨ੍ਹਾਂ ਦੇ ਚਲਾਨ ਵੀ ਨਹੀਂ ਪਾਏ ਜਾਂਦੇ ਜਿਸ ਨਾਲ ਸਰਕਾਰ ਨੂੰ ਕਰ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ, ਨਾਲ ਕੰਪਾਊਂਡੇਬਲ ਉਸਾਰੀਆਂ ਵੀ ਬਣ ਕੇ ਪੂਰੀਆਂ ਹੋ ਰਹੀਆਂ ਹਨ। ਇਨ੍ਹਾਂ ਵਿਚ ਤਾਜ਼ਾ ਮਾਮਲਾ ਉੂਧਮ ਸਿੰਘ ਨਗਰ ਮੇਨ ਰੋਡ 'ਤੇ ਰਿਹਾਇਸ਼ੀ ਇਲਾਕੇ ਵਿਚ ਸਥਿਤ ਕੋਠੀ ਦੀ ਹਾਊਸ ਲੇਨ ਦੀ ਜਗ੍ਹਾ ਵਿਚ ਬਣ ਰਹੀ ਦੁਕਾਨ ਦਾ ਹੈ, ਜਿਸ ਬਾਰੇ ਜ਼ੋਨ ਡੀ ਦੇ ਏ. ਟੀ. ਪੀ. ਨੂੰ ਪਹਿਲੇ ਹੀ ਦਿਨ ਸੂਚਨਾ ਮਿਲ ਗਈ ਸੀ ਪਰ ਉਸ ਨੇ ਇਹ ਕਹਿ ਕੇ ਕਈ ਦਿਨ ਤੱਕ ਕਾਰਵਾਈ ਤੋਂ ਪਾਸਾ ਵੱਟਿਆ ਕਿ ਇੰਸਪੈਕਟਰ ਮੱਕੜ ਉਸ ਦੇ ਹੁਕਮ ਨਹੀਂ ਮੰਨ ਰਿਹਾ। ਇਸ ਦੇ ਬਹਾਨੇ ਦੁਕਾਨ ਦੀ ਉਸਾਰੀ ਪੂਰੀ ਹੋ ਗਈ ਅਤੇ ਉਸ ਨੂੰ ਪੁਰਾਣਾ ਦਿਖਾਉਣ ਲਈ ਰੋਗਨ ਤੱਕ ਕਰ ਦਿੱਤਾ ਗਿਆ। ਜਿਸ ਦੇ ਬਾਵਜੂਦ ਏ. ਟੀ. ਪੀ. ਅਤੇ ਇੰਸਪੈਕਟਰ ਨੇ ਇਹ ਕਹਿ ਕੇ ਸਮਾਂ ਕੱਢਿਆ ਕਿ ਉਥੇ ਗੈਰਾਜ ਬਣਾਇਆ ਜਾ ਰਿਹਾ ਹੈ ਅਤੇ ਨਾਜਾਇਜ਼ ਉਸਾਰੀ ਦੇ ਦੋਸ਼ ਵਿਚ ਨੋਟਿਸ ਦੇਣ ਦੀ ਕਵਾਇਦ ਤਹਿਤ ਮਕਾਨ ਮਾਲਕ ਨੂੰ ਅਦਾਲਤ ਤੋਂ ਸਟੇਅ ਹਾਸਲ ਕਰਨ ਦਾ ਮੌਕਾ ਦਿੱਤਾ ਗਿਆ ਜਿਸ ਦੀ ਸੂਚਨਾ ਉੱਚ ਅਫਸਰਾਂ ਨੂੰ ਮਿਲਣ 'ਤੇ ਫਟਕਾਰ ਲੱਗੀ ਤਾਂ ਏ. ਟੀ. ਪੀ. ਨੇ ਸੋਮਵਾਰ ਸਵੇਰ ਕਾਰਵਾਈ ਕਰਨ ਦਾ ਡਰਾਮਾ ਕੀਤਾ ਅਤੇ ਉਥੇ ਸਿਰਫ ਪਿੱਲਰ ਡੇਗ ਕੇ ਆ ਗਏ। ਅਜਿਹਾ ਹੀ ਮਾਮਲਾ ਕਾਲਜ ਰੋਡ 'ਤੇ ਬਣ ਰਹੇ ਇਕ ਕੰਪਲੈਕਸ ਦਾ ਹੈ, ਜਿਸ ਦੀ ਉਸਾਰੀ ਦੇ ਲਈ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ, ਜਦੋਂਕਿ 100 ਗਜ਼ ਤੋਂ ਥੱਲੇ ਸੀ. ਐੱਲ. ਯੂ. ਪਾਸ ਹੀ ਨਹੀਂ ਹੋ ਸਕਦਾ। ਇਸ ਦੇ ਬਾਵਜੂਦ ਜ਼ੋਨ ਡੀ ਦੀ ਇਮਾਰਤੀ ਸ਼ਾਖਾ ਦੇ ਸਟਾਫ ਨੇ ਨਾਜਾਇਜ਼ ਉਸਾਰੀ ਨੂੰ ਲੈ ਕੇ ਅੱਖਾਂ ਬੰਦ ਕਰੀ ਰੱਖੀਆਂ, ਜਿਸ ਦੀ ਸੂਚਨਾ ਮਿਲਣ 'ਤੇ ਕਮਿਸ਼ਨਰ ਅਤੇ ਵਧੀਕ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਤਾਂ ਜਾ ਕੇ ਨਿਗਮ ਟੀਮ ਉੱਥੇ ਗਈ ਜ਼ਰੂਰ ਪਰ ਦਿਖਾਵੇ ਦੀ ਕਾਰਵਾਈ ਕਰ ਕੇ ਵਾਪਸ ਪਰਤ ਆਈ।
ਜਬਰ-ਜ਼ਨਾਹ ਦੇ ਦੋਸ਼ੀ ਨੂੰ 10 ਸਾਲ ਦੀ ਕੈਦ
NEXT STORY