ਬਠਿੰਡਾ(ਜ.ਬ.)-ਨਗਰ ਨਿਗਮ ਵੱਲੋਂ ਨਾਜਾਇਜ਼ ਇਮਾਰਤਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦਾ ਮਾਮਲਾ ਗਰਮਾਉਣ ਲੱਗਾ ਹੈ। ਬੀਤੇ ਦਿਨ ਮਾਨਸਾ ਰੋਡ 'ਤੇ ਨਿਗਮ ਨੇ ਕੁਝ ਇਮਾਰਤਾਂ ਖਿਲਾਫ ਕਾਰਵਾਈ ਕੀਤੀ ਸੀ, ਜਿਸ ਨੂੰ ਲੈ ਕੇ ਉਕਤ ਖੇਤਰ ਦੇ ਲੋਕ ਭੜਕ ਗਏ ਹਨ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਗਮ ਨੇ ਆਪਣੀ ਕਾਰਵਾਈ ਨਾ ਰੋਕੀ ਤਾਂ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ। ਇਸ ਸਬੰਧ ਵਿਚ ਖੇਤਰ ਦੇ ਕੁਝ ਪਤਵੰਤੇ ਲੋਕ ਮੰਗਲਵਾਰ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਮਿਲਣ ਪਹੁੰਚੇ ਪਰ ਕਮਿਸ਼ਨਰ ਨਹੀਂ ਮਿਲ ਸਕੇ। ਇਸ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖੇਤਰ ਵਾਸੀਆਂ ਐਡਵੋਕੇਟ ਰਣਜੀਤ ਸਿੰਘ ਜਲਾਲ, ਸਾਬਕਾ ਕਰਨਲ ਜਗਜੀਤ ਸਿੰਘ ਮਾਨ, ਕੁਲਵੰਤ ਸਿੰਘ ਬਰਾੜ, ਕਮਿਸ਼ਨਰ ਸਿੰਘ ਔਲਖ ਆਦਿ ਨੇ ਕਿਹਾ ਕਿ ਬਠਿੰਡਾ-ਮਾਨਸਾ ਰੋਡ 'ਤੇ ਲੋਕ ਦਹਾਕਿਆਂ ਤੋਂ ਘਰ ਬਣਾ ਕੇ ਰਹਿ ਰਹੇ ਹਨ ਤੇ ਨਗਰ ਨਿਗਮ ਹੁਣ ਗੋਲਾ-ਬਾਰੂਦ ਦੇ ਡਿਪੂ ਨੇੜੇ ਰਿਹਾਇਸ਼ ਹੋਣ ਕਾਰਨ ਉਨ੍ਹਾਂ ਨੂੰ ਨਾਜਾਇਜ਼ ਕਰਾਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਘਰਾਂ ਵਿਚ ਮੀਟਰ ਲੱਗੇ ਹੋਏ ਹਨ ਤੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਖੁਦ ਨਗਰ ਨਿਗਮ ਵੱਲੋਂ ਦਿੱਤੇ ਗਏ ਹਨ।
ਸ਼ਹਿਰ 'ਚ ਸੈਂਕੜਿਆਂ ਨਾਜਾਇਜ਼ ਉਸਾਰੀਆਂ 'ਤੇ ਨਹੀਂ ਹੁੰਦੀ ਕਾਰਵਾਈ
ਉਕਤ ਲੋਕਾਂ ਨੇ ਦੋਸ਼ ਲਾਇਆ ਕਿ ਬਠਿੰਡਾ-ਮਾਨਸਾ ਰੋਡ 'ਤੇ ਆਬਾਦੀ ਘੱਟ ਹੋਣ ਕਾਰਨ ਨਗਰ ਨਿਗਮ ਆਪਣਾ ਡੰਡਾ ਚਲਾ ਰਿਹਾ ਹੈ ਜਦਕਿ ਮਹਾਨਗਰ ਅੰਦਰ ਸੈਂਕੜੇ ਨਾਜਾਇਜ਼ ਇਮਾਰਤਾਂ ਹਨ, ਜਿਨ੍ਹਾਂ ਖਿਲਾਫ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਨੇ ਆਪਣੀ ਕਾਰਵਾਈ ਨਾ ਰੋਕੀ ਤਾਂ ਲੋਕ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਇਲਾਕੇ ਦੇ ਲੋਕ ਕੂੜਾ ਪਲਾਂਟ ਤੋਂ ਪ੍ਰੇਸ਼ਾਨ ਹਨ ਤੇ ਹੁਣ ਨਿਗਮ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ, ਬਲਰਾਜ ਸਿੰਘ, ਸਿਕੰਦਰ ਸਿੰਘ, ਸੁਨੀਲ ਕੁਮਾਰ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
ਮਜ਼ਦੂਰ ਭਲਾਈ ਬੋਰਡ ਵਿਰੁੱਧ ਮਜ਼ਦੂਰਾਂ ਕੀਤਾ ਮੁਜ਼ਾਹਰਾ
NEXT STORY