ਜਲੰਧਰ (ਖੁਰਾਣਾ)— ਪੰਜਾਬ ਦੇ ਤਿੰਨ ਵੱਡੇ ਸ਼ਹਿਰ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿਚ ਨਗਰ ਨਿਗਮ ਚੋਣਾਂ ਹੋਇਆਂ 15 ਦਿਨਾਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤਕ ਕਾਂਗਰਸ ਪਾਰਟੀ ਨੇ ਮੇਅਰਾਂ ਦੇ ਨਾਂ ਫਾਈਨਲ ਨਹੀਂ ਕੀਤੇ। ਹੁਣ ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਮੇਅਰਾਂ ਦੀ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਹੈ। ਜਲੰਧਰ ਨਗਰ ਨਿਗਮ ਲਈ ਇਹ ਨੋਟਿਸ 26 ਦਸੰਬਰ ਨੂੰ ਜਾਰੀ ਕੀਤਾ ਗਿਆ। ਜਿਸ ਦੀ 30 ਦਿਨਾਂ ਦੀ ਮਿਆਦ 24 ਜਨਵਰੀ ਨੂੰ ਖਤਮ ਹੋ ਜਾਵੇਗੀ ਅਤੇ ਉਸ ਤੋਂ ਪਹਿਲਾਂ ਸ਼ਹਿਰ ਦੇ ਮੇਅਰ ਦੇ ਨਾਂ ਦਾ ਜਿੱਥੇ ਐਲਾਨ ਹੋ ਜਾਵੇਗਾ, ਉਥੇ ਇਨ੍ਹਾਂ ਦਾ ਸਹੁੰ ਚੁੱਕ ਸਮਾਰੋਹ ਵੀ ਆਯੋਜਿਤ ਹੋਵੇਗਾ। ਸਰਕਾਰ ਨੇ ਇਹ ਨੋਟੀਫਿਕੇਸ਼ਨ ਨਗਰ ਨਿਗਮ ਦੇ ਪ੍ਰਸ਼ਾਸਕਾਂ ਨੂੰ ਭੇਜ ਦਿੱਤਾ ਹੈ। ਜਿਨ੍ਹਾਂ ਨੇ ਇਸ ਨੂੰ ਡਿਵੀਜ਼ਨਲ ਕਮਿਸ਼ਨਰ ਕੋਲ ਰੈਫਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਡਵੀਜ਼ਨਲ ਕਮਿਸ਼ਨਰ ਵੱਲੋਂ ਬੁਲਾਈ ਗਈ ਬੈਠਕ ਵਿਚ ਹੁੰਦੀ ਹੈ।
ਖਤਮ ਹੋ ਰਿਹਾ ਸੀ ਨਵੇਂ ਜਿੱਤੇ ਕੌਂਸਲਰਾਂ ਦਾ ਚਾਅ
ਇਸ ਵਾਰ ਨਗਰ ਨਿਗਮ ਚੋਣਾਂ ਕਾਫੀ ਜਲਦੀ ਵਿਚ ਹੋਈਆਂ ਅਤੇ ਚੋਣ ਪ੍ਰਚਾਰ ਨੂੰ ਸਿਰਫ 10 ਦਿਨਾਂ ਦਾ ਸਮਾਂ ਵੀ ਨਹੀਂ ਮਿਲਿਆ। ਜ਼ਿਆਦਾਤਰ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਵਿਚ ਆਪਣੀ ਪੂਰੀ ਵਾਹ ਲਾ ਦਿੱਤੀ ਜਿਸ ਕਾਰਨ ਇਹ ਚੋਣਾਂ ਕਾਫੀ ਦਿਲਚਸਪ ਵੀ ਰਹੀਆਂ। ਨਵੇਂ ਹਾਊਸ ਵਿਚ ਵਧੇਰੇ ਕਰਕੇ ਨਵੇਂ ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ। ਉਥੇ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਨਗਰ ਨਿਗਮ ਵਿਚ ਇਕੱਠੀਆਂ 44 ਔਰਤਾਂ ਬੈਠਣਗੀਆਂ। ਚੋਣਾਂ ਦਾ ਰਿਜ਼ਲਟ ਆਇਆਂ 15 ਦਿਨਾਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅੱਜ ਤਕ ਕਿਸੇ ਪੱਧਰ 'ਤੇ ਜਿੱਤੇ ਕੌਂਸਲਰਾਂ ਨੂੰ ਜ਼ਿਆਦਾ ਮਹੱਤਵ ਨਹੀਂ ਮਿਲਿਆ। ਜਿਸ ਕਾਰਨ ਜ਼ਿਆਦਾਤਰ ਜਿੱਤੇ ਕੌਂਸਲਰਾਂ ਦਾ ਉਤਸ਼ਾਹ ਗਾਇਬ ਹੁੰਦਾ ਦਿਸ ਰਿਹਾ ਸੀ ਪਰ ਹੁਣ ਸਹੁੰ ਚੁੱਕ ਸਮਾਰੋਹ ਬਾਰੇ ਨੋਟੀਫਿਕੇਸ਼ਨ ਹੁੰਦਿਆਂ ਹੀ ਸ਼ਹਿਰ ਦੀ ਸਿਆਸਤ ਗਰਮਾਉਣ ਦੀ ਸੰਭਾਵਨਾ ਹੈ।
ਲਿਫਾਫੇ 'ਚੋਂ ਨਿਕਲੇਗਾ ਮੇਅਰ ਦਾ ਨਾਂ
ਕਾਂਗਰਸ ਪਾਰਟੀ ਦੀ ਪਰੰਪਰਾ ਰਹੀ ਹੈ ਕਿ ਨਵੇਂ ਮੇਅਰ ਦਾ ਨਾਂ ਬੰਦ ਲਿਫਾਫੇ ਵਿਚੋਂ ਨਿਕਲਦਾ ਹੈ ਤੇ ਇਸ ਲਿਫਾਫੇ ਨੂੰ ਨਵੇਂ ਕੌਂਸਲਰ ਹਾਊਸ ਦੀ ਪਹਿਲੀ ਬੈਠਕ ਤੋਂ ਥੋੜ੍ਹਾ ਸਮਾਂ ਪਹਿਲਾਂ ਵਿਧਾਇਕਾਂ ਦੀ ਮੌਜੂਦਗੀ ਵਿਚ ਖੋਲ੍ਹਿਆ ਜਾਂਦਾ ਹੈ। ਇਸ ਵਾਰ ਵੀ ਜਲੰਧਰ ਦੇ ਕਾਂਗਰਸੀ ਮੇਅਰ ਦਾ ਨਾਂ ਬੰਦ ਲਿਫਾਫੇ ਵਿਚੋਂ ਨਿਕਲੇਗਾ ਕਿਉਂਕਿ ਨਵੇਂ ਜਿੱਤੇ ਕੌਂਸਲਰ ਇਸ ਮਾਮਲੇ ਵਿਚ ਸਾਰੇ ਅਧਿਕਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਨਵਾਂ ਮੇਅਰ ਕੌਂਸਲਰਾਂ ਤੇ ਵਿਧਾਇਕਾਂ ਦੀ ਮਰਜ਼ੀ ਦਾ ਨਾ ਹੋ ਕੇ ਮੁੱਖ ਮੰਤਰੀ ਦੀ ਮਰਜ਼ੀ ਨਾਲ ਤੈਅ ਹੋਵੇਗਾ। ਫਿਲਹਾਲ ਸ਼ਹਿਰ ਵਿਚ ਨਵੇਂ ਮੇਅਰ ਦੇ ਨਾਂ ਨੂੰ ਲੈ ਕੇ ਉਤਸੁਕਤਾ ਦਾ ਮਾਹੌਲ ਹੈ। ਵੱਖ-ਵੱਖ ਦਾਅਵੇਦਾਰ ਆਪਣੇ ਪੱਖ ਵਿਚ ਜ਼ੋਰਾਂ ਸ਼ੋਰਾਂ ਨਾਲ ਲਾਬਿੰਗ ਕਰ ਰਹੇ ਹਨ।
ਮੁੰਡੇ ਦੇ ਵਿਆਹ 'ਚ ਬੈਲਗੱਡੀ 'ਤੇ ਪੁੱਜਾ ਨਾਨਕਾ ਮੇਲ, ਤੱਕਦੇ ਰਹਿ ਗਏ ਲੋਕ (ਤਸਵੀਰਾਂ)
NEXT STORY