ਅੰਮ੍ਰਿਤਸਰ, (ਵਡ਼ੈਚ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਾਊਸ ਦੀਅਾਂ ਬੈਠਕਾਂ ਦੌਰਾਨ ਕੀਤੇ ਵਾਅਦੇ ਮੁਤਾਬਿਕ 200 ਕਰੋਡ਼ ਨਿਗਮ ਦੇ ਹੱਥ ਨਹੀਂ ਪਹੁੰਚਿਆ ਤੇ ਵਿਕਾਸ ਕੰਮਾਂ ਨੂੰ ਬ੍ਰੇਕਾਂ ਲੱਗੀਆਂ ਹਨ। ਘਰਾਂ ਵਿਚ ਪਹੁੰਚਣ ਵਾਲੇ ਦੂਸ਼ਿਤ ਪਾਣੀ ’ਤੇ ਕੰਟਰੋਲ ਨਹੀਂ ਹੋ ਰਿਹਾ ਹੋਵੇ, ਟਿਊਬਵੈੱਲ ਬੋਰ ਬੈਠ ਰਹੇ ਹਨ, ਰੋਡ ’ਤੇ ਸਟਰੀਟ ਲਾਈਟਾਂ ਗੁਲ ਹੋ ਰਹੀਆਂ ਹਨ ਪਰ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕਰਵਾਈਆਂ ਜਾ ਰਹੀਆਂ ਹਾਊਸ ਦੀਆਂ ਬੈਠਕਾਂ ਦਾ ਰਿਕਾਰਡ ਟੁੱਟ ਰਿਹਾ ਹੈ। ਕਰੀਬ 6 ਮਹੀਨਿਆਂ ’ਚ ਬਜਟ ਤੇ ਹਾਊਸ ਦੀਆਂ 4 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ 28 ਜੂਨ ਨੂੰ ਹਾਊਸ ਦੀ 5ਵੀਂ ਮੀਟਿੰਗ ਦੀ ਤਿਆਰੀਆਂ ਜ਼ੋਰਾਂ ’ਤੇ ਹਨ।
ਕਈ ਕੌਂਸਲਰਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬੈਠਕ ਦਾ ਪਤਾ ਨਹੀਂ ਹੈ ਪਰ ਮੇਅਰ ਸਾਹਿਬ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਿਕ 28 ਜੂਨ ਨੂੰ ਜ਼ਰੂਰੀ ਕੰਮਾਂ ਲਈ ਹਾਊਸ ਦੀ ਪ੍ਰਵਾਨਗੀ ਸਬੰਧੀ ਬੈਠਕ ਕੀਤੀ ਜਾਵੇਗੀ। ਪਿਛਲੇ ਮੇਅਰਾਂ ਮੁਤਾਬਿਕ ਮੇਅਰ ਖੁਦ ਨੂੰ ਪੋਜ਼ੇਟਿਵ ਨਜ਼ਰੀਏ ’ਚ ਰੱਖਦਿਆਂ ਕੰਮਾਂ ਨੂੰ ਲੈ ਕੇ ਲਗਾਤਾਰ ਬੈਠਕਾਂ ਕਰਵਾ ਰਹੇ ਹਨ। ਜੂਨ ਮਹੀਨੇ ’ਚ ਹੀ 2 ਬੈਠਕਾਂ ਕਰਵਾਈਆਂ ਜਾ ਰਹੀਆਂ ਹਨ, 8 ਜੂਨ ਦੀ ਬੈਠਕ ਬਿਨਾਂ ਤਿਆਰੀਆਂ ਦੇ ਕਰਵਾਈ ਗਈ, ਜਿਸ ਦੇ 61 ਮਤਿਅਾਂ ਦਾ ਏਜੰਡਾ ਕੌਂਸਲਰਾਂ ਦੇ ਹੱਥਾਂ ਤੱਕ ਨਾ ਪਹੁੰਚਣ ਕਰ ਕੇ ਸ਼ੋਰ-ਸ਼ਰਾਬੇ ਦਾ ਕਾਰਨ ਵੀ ਬਣਿਆ ਰਿਹਾ। 28 ਜੂਨ ਹੋਣ ਵਾਲੀ ਬੈਠਕ ਦੌਰਾਨ ਅੰਮ੍ਰਿਤਸਰ ਸ਼ਹਿਰ ਨੂੰ ਸ਼ੌਚ-ਮੁਕਤ ਕਰਨ ਲਈ ਹਾਊਸ ਦੀ ਪ੍ਰਵਾਨਗੀ ਲਈ ਜਾਵੇਗੀ ਤਾਂ ਕਿ ਪਬਲਿਕ ਨੋਟਿਸ ਜਾਰੀ ਕੀਤਾ ਜਾ ਸਕੇ। ਇਸ ਤੋਂ ਇਲਾਵਾ ਨਿਗਮ ਦੀਅਾਂ ਸਰਕਾਰੀ ਅਤੇ ਲੀਜ਼ ’ਤੇ ਰੱਖੀਅਾਂ ਪ੍ਰਾਪਰਟੀਆਂ ਨੂੰ ਵੇਚਣ ਦੇ ਮਤੇ ’ਤੇ ਵੀ ਹਾਊਸ ਦੀ ਮੋਹਰ ਲਾਉਣ ਦੇ ਆਸਾਰ ਹੋਣਗੇ।
ਮੀਟਿੰਗ ਦਾ ਦੌਰ ਚੰਗੀ ਪਹਿਲ : ਹਾਊਸ ਦੀਆਂ ਧਡ਼ਾਧਡ਼ ਕਰਵਾਈਆਂ ਜਾ ਰਹੀਆਂ ਮੀਟਿੰਗਾਂ ਦਾ ਦੌਰ ਚੰਗੀ ਪਹਿਲ ਹੈ। ਸ਼ਹਿਰ ਤੇ ਸ਼ਹਿਰਵਾਸੀਆਂ ਦੇ ਸੁਧਾਰ, ਵਿਕਾਸ ਕੰਮਾਂ ਨੂੰ ਹਵਾ ’ਚ ਗੱਲਾਂ ਕਰ ਕੇ ਹੀ ਨਹੀਂ, ਪੈਸੇ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਵਿਕਾਸ ਕੰਮਾਂ ਤੋਂ ਹਟ ਕੇ ਦੇਖੀਏ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਾਲਿਡ ਵੇਸਟ ਪ੍ਰਾਜੈਕਟ, ਮਕੈਨੀਕਲ ਸਵੀਪਿੰਗ, ਬਿਜਲੀ ਬਿੱਲਾਂ ਦੇ ਕਰੋਡ਼ਾਂ ਰੁਪਏ ਦਾ ਭੁਗਤਾਨ ਕਰਨਾ ਸੌਖਾ ਨਹੀਂ ਹੈ।
ਜ਼ਮੀਨਾਂ ਵੇਚ ਕੇ ਹੋਣਗੇ ਗੁਜ਼ਾਰੇ : ਸ਼ਹਿਰ ਦੇ ਵਿਕਾਸ ਕੰਮਾਂ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਕਰੀਬ 22 ਕਰੋਡ਼ ਪ੍ਰੋਵੀਡੈਂਟ ਫੰਡਾਂ ਦਾ ਬਕਾਏ ਨੂੰ ਚੁਕਾਉਣ ਲਈ ਨਿਗਮ ਦੀਆਂ ਸਰਕਾਰੀ ਅਤੇ ਲੀਜ਼ ’ਤੇ ਦਿੱਤੀਆਂ ਜ਼ਮੀਨਾਂ ਵੇਚਣ ਵੱਲ ਪੂਰਾ ਫੋਕਸ ਕੀਤਾ ਜਾ ਰਿਹਾ ਹੈ। 28 ਜੂਨ ਦੀ ਬੈਠਕ ਦੌਰਾਨ ਵੀ ਜ਼ਮੀਨਾਂ ਨੂੰ ਵੇਚਣ ਦੇ ਮਤਿਅਾਂ ’ਤੇ ਮੋਹਰ ਲਾਉਣ ਦੇ ਅਾਸਾਰ ਹਨ।
ਨਿਗਮ ਕਮਿਸ਼ਨਰ ਸੋਨਾਲੀ ਗਿਰੀ ਛੁੱਟੀ ’ਤੇ ਗਏ : ਨਿਗਮ ਕਮਿਸ਼ਨਰ ਸੋਨਾਲੀ ਗਿਰੀ ਕਰੀਬ 2 ਹਫਤਿਆਂ ਦੀ ਛੁੱਟੀ ’ਤੇ ਚਲੇ ਗਏ ਹਨ। ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਜਗ੍ਹਾ ਤੇ ਨਿਗਮ ਦਾ ਕੰਮਕਾਜ ਆਈ. ਏ. ਐੱਸ. ਮੈਡਮ ਦੀਪਤੀ ਉੱਪਲ ਦੇਖਣਗੇ। ਮੇਅਰ ਨੇ ਦੱਸਿਆ ਕਿ ਕਮਿਸ਼ਨਰ ਸੋਨਾਲੀ ਗਿਰੀ 2 ਹਫਤੇ ਦੀ ਛੁੱਟੀ ’ਤੇ ਹਨ ਪਰ ਨਿਗਮ ਦੀਆਂ 2-3 ਜ਼ਰੂਰੀ ਬੈਠਕਾਂ ਵਿਚ ਉਹ ਭਾਗ ਲੈ ਸਕਦੇ ਹਨ।
ਵੱਖ-ਵੱਖ ਥਾਈਂ ਨਾਜਾਇਜ਼ ਸ਼ਰਾਬ ਬਰਾਮਦ
NEXT STORY