ਜਲੰਧਰ (ਖੁਰਾਣਾ)— ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਅੱਧੀ ਰਾਤ ਨੂੰ ਆਪ੍ਰੇਸ਼ਨ ਚਲਾ ਕੇ ਰੈਣਕ ਬਾਜ਼ਾਰ ਦੇ ਵਿਚਕਾਰ ਸਥਿਤ ਟਿੱਕੀਆਂ ਵਾਲੇ ਚੌਕ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਸੀ। ਇਸ ਤੋਂ ਬਾਅਦ ਸ਼ਹਿਰ ਦੇ ਬਾਕੀ ਕਬਜ਼ਾਧਾਰੀਆਂ 'ਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਜ਼ਿਆਦਾਤਰ ਥਾਵਾਂ 'ਤੇ ਦੁਕਾਨਦਾਰਾਂ ਵੱਲੋਂ ਕਬਜ਼ੇ ਹਟਾਉਣ 'ਚ ਦਿਲਚਸਪੀ ਨਹੀਂ ਵਿਖਾਈ ਜਾ ਰਹੀ, ਜਿਸ ਕਾਰਨ ਨਿਗਮ ਆਉਣ ਵਾਲੇ ਦਿਨਾਂ 'ਚ ਵੱਡਾ ਆਪ੍ਰੇਸ਼ਨ ਕਰਨ ਦੀ ਤਿਆਰੀ 'ਚ ਹੈ।
ਪਤਾ ਲੱਗਾ ਹੈ ਕਿ ਸਭ ਤੋਂ ਪਹਿਲਾਂ ਨੰਬਰ ਓਲਡ ਜੀ. ਟੀ. ਰੋਡ ਦਾ ਲੱਗ ਰਿਹਾ ਹੈ, ਜਿਸ 'ਚ ਕੰਪਨੀ ਬਾਗ ਚੌਕ ਤੋਂ ਲੈ ਕੇ ਸਿਵਲ ਹਸਪਤਾਲ ਤੱਕ ਦਾ ਇਲਾਕਾ ਪਹਿਲੇ ਪੜਾਅ 'ਚ ਸ਼ਾਮਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਇਲਾਕੇ 'ਚ ਕਬਜ਼ਿਆਂ ਕਾਰਣ ਹਮੇਸ਼ਾ ਟ੍ਰੈਫਿਕ ਜਾਮ ਰਹਿੰਦਾ ਹੈ ਅਤੇ ਐਂਬੂਲੈਂਸ ਤੱਕ ਨੂੰ ਰਸਤਾ ਨਹੀਂ ਮਿਲਦਾ। ਸਭ ਤੋਂ ਜ਼ਿਆਦਾ ਕਬਜ਼ੇ ਪਲਾਜ਼ਾ ਚੌਕ ਤੋਂ ਲੈ ਕੇ ਜੋਤੀ ਚੌਕ ਤੱਕ ਸ਼ੂਜ਼ ਮਾਰਕੀਟ ਅਤੇ ਨੋਟਾਂ ਦੇ ਹਾਰਾਂ ਵਾਲਿਆਂ ਨੇ ਕੀਤੇ ਹੋਏ ਹਨ। ਇਸ ਤੋਂ ਇਲਾਵਾ ਕੇ. ਪੀ. ਬੇਕਰੀ ਵਾਲੀ ਸਾਈਡ 'ਤੇ ਵੀ ਕਬਜ਼ੇ ਹੀ ਕਬਜ਼ੇ ਹਨ।
ਆਪ੍ਰੇਸ਼ਨ ਦਾ ਮੁੱਖ ਨਿਸ਼ਾਨਾ ਸੁਦਾਮਾ ਮਾਰਕੀਟ ਵੀ ਰਹੇਗੀ, ਜਿਸ ਦੇ ਜ਼ਿਆਦਾਤਰ ਦੁਕਾਨਦਾਰਾਂ ਨੇ ਫੁੱਟਪਾਥ ਤੋਂ ਕਈ-ਕਈ ਫੁੱਟ ਅੱਗੇ ਆ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।
ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਓਲਡ ਜੀ. ਟੀ. ਰੋਡ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਨਿਗਮ ਬੁੱਧਵਾਰ ਨੂੰ ਪੂਰੇ ਇਲਾਕੇ ਵਿਚ ਮੁਨਾਦੀ ਕਰਵਾਉਣ ਜਾ ਰਿਹਾ ਹੈ, ਜਿਸ ਦੇ ਤਹਿਤ ਕਬਜ਼ਾਧਾਰੀਆਂ ਨੂੰ ਆਪਣੇ ਕਬਜ਼ੇ ਖਾਲੀ ਕਰਨ ਲਈ ਦੋ ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਬਜ਼ੇ ਨਾ ਹਟਾਉਣ ਵਾਲਿਆਂ 'ਤੇ ਐਕਸ਼ਨ ਲਿਆ ਜਾਵੇਗਾ।
80 ਫੀਸਦੀ ਸਾਫ ਹੋ ਗਈ ਕਬਾੜ ਮਾਰਕੀਟ, ਟਿੱਕੀਆਂ ਵਾਲੇ ਚੌਕ ਦਾ ਅਸਰ ਦਿਸਣਾ ਸ਼ੁਰੂ
ਨਿਗਮ ਵੱਲੋਂ ਟਿੱਕੀਆਂ ਵਾਲੇ ਚੌਕ 'ਚ ਕੀਤੇ ਗਏ ਆਪ੍ਰੇਸ਼ਨ ਦੀ ਦਹਿਸ਼ਤ 'ਚ ਆ ਕੇ ਲਾਡੋਵਾਲੀ ਰੋਡ ਦੀ ਕਬਾੜ ਮਾਰਕੀਟ ਬੀਤੇ ਦਿਨ 80 ਫੀਸਦੀ ਤੱਕ ਸਾਫ ਹੋ ਗਈ ਅਤੇ ਕੁਝ ਦੁਕਾਨਾਂ ਦੇ ਅੱਗੇ ਹੀ ਕਬਾੜ ਦਾ ਸਾਮਾਨ ਪਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕਬਜ਼ਿਆਂ ਲਈ ਦੁਕਾਨਦਾਰਾਂ ਨੂੰ 20 ਨਵੰਬਰ ਤਕ ਦਾ ਅਲਟੀਮੇਟਮ ਮਿਲਿਆ ਹੋਇਆ ਹੈ। ਜਿਸ ਤਰ੍ਹਾਂ ਦੁਕਾਨਦਾਰ ਡਰੇ ਹੋਏ ਹਨ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਨਿਗਮ ਨੂੰ ਕਾਰਵਾਈ ਕਰਨ ਦੀ ਨੌਬਤ ਨਹੀਂ ਆਵੇਗੀ।
ਦਾਖਾ ਉਪ ਚੋਣ : ਡੀ. ਆਈ. ਜੀ. ਖਟੜਾ ’ਤੇ ਡਿਗੀ ਕਾਂਗਰਸ ਦੀ ਹਾਰ ਦੀ ਗਾਜ
NEXT STORY