ਜਲੰਧਰ (ਰਵਿੰਦਰ ਸ਼ਰਮਾ)— ਜਲੰਧਰ ਨੂੰ ਨਵਾਂ ਮੇਅਰ ਮਿਲਣ ਵਿਚ ਸਿਰਫ 48 ਘੰਟੇ ਦਾ ਸਮਾਂ ਰਹਿ ਗਿਆ ਹੈ। 25 ਜਨਵਰੀ ਨੂੰ ਦੁਪਹਿਰ 12.15 ਵਜੇ ਨਿਗਮ ਸਦਨ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਪਾਰਟੀ ਹਾਈਕਮਾਨ ਵੱਲੋਂ ਭੇਜੇ ਗਏ ਲਿਫਾਫੇ ਵਿਚੋਂ ਭਾਵੇਂ ਕਿਸੇ ਵੀ ਨੇਤਾ ਦਾ ਨਾਂ ਨਿਕਲੇ ਪਰ ਮੇਅਰ ਦੇ ਨਾਂ ਦਾ ਐਲਾਨ ਹੋਣ ਤੋਂ ਪਹਿਲਾਂ ਸੱਟਾ ਬਾਜ਼ਾਰ ਪੂਰੀ ਤਰ੍ਹਾਂ ਮਘ ਗਿਆ ਹੈ। ਸਭ ਤੋਂ ਵੱਧ ਭਾਅ ਇਸ ਅਹੁਦੇ ਲਈ ਜਗਦੀਸ਼ ਰਾਜ ਰਾਜਾ ਅਤੇ ਬਲਰਾਜ ਠਾਕੁਰ ਦੇ ਨਾਂ 'ਤੇ ਲੱਗਾ ਹੈ। ਸੱਟਾ ਬਾਜ਼ਾਰ ਦੀ ਮੰਨੀਏ ਤਾਂ ਅੱਜ ਵੀ ਮੇਅਰ ਅਹੁਦੇ ਦੀ ਜੰਗ ਇਨ੍ਹਾਂ ਦੋਵਾਂ ਨਾਵਾਂ ਦਰਮਿਆਨ ਹੀ ਚੱਲ ਰਹੀ ਹੈ।
ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ 2 ਔਰਤਾਂ ਵਿਚ ਜ਼ਬਰਦਸਤ ਟੱਕਰ ਨਜ਼ਰ ਆ ਰਹੀ ਹੈ। ਸੀਨੀਅਰ ਡਿਪਟੀ ਮੇਅਰ ਲਈ ਸੱਟਾ ਬਾਜ਼ਾਰ ਸਭ ਤੋਂ ਵੱਧ ਦਿਲਚਸਪੀ ਦਲਿਤ ਮਹਿਲਾ ਆਗੂ ਸੁਰਿੰਦਰ ਕੌਰ ਅਤੇ ਪਹਿਲੀ ਵਾਰ ਕੌਂਸਲਰ ਬਣੀ ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਡਾ. ਜਸਲੀਨ ਸੇਠੀ ਦਰਮਿਆਨ ਦੱਸ ਰਿਹਾ ਹੈ। ਭਾਵੇਂ ਇਸ ਲੜਾਈ ਵਿਚ ਸੁਰਿੰਦਰ ਕੌਰ ਕੁਝ ਅੱਗੇ ਨਜ਼ਰ ਆ ਰਹੀ ਹੈ। ਉਹ ਦੋ ਤਰ੍ਹਾਂ ਨਾਲ ਇਸ ਅਹੁਦੇ 'ਤੇ ਭਾਰੀ ਪੈ ਰਹੀ ਹੈ। ਇਕ ਤਾਂ ਸੀਨੀਆਰਟੀ ਦੇ ਆਧਾਰ 'ਤੇ ਦੂਜਾ ਦਲਿਤ ਮਹਿਲਾ ਹੋਣ ਕਾਰਨ। ਇਸ ਤੋਂ ਇਲਾਵਾ ਡਿਪਟੀ ਮੇਅਰ ਦੇ ਅਹੁਦੇ ਲਈ ਵੀ ਅਨੇਕਾਂ ਨਾਵਾਂ 'ਤੇ ਸੱਟਾ ਬਾਜ਼ਾਰ ਗਰਮ ਹੈ।
ਪਾਰਟੀ ਹਾਈਕਮਾਨ ਵਲੋਂ ਹੁਣ ਇਸ ਗੱਲ ਨੂੰ ਸਾਫ ਕਰ ਦਿੱਤਾ ਗਿਆ ਹੈ ਕਿ ਮੇਅਰ ਅਹੁਦੇ 'ਤੇ ਕਿਸੇ ਪੁਰਸ਼ ਨੂੰ ਹੀ ਬਿਠਾਇਆ ਜਾਵੇਗਾ। ਹੁਣ ਵੇਖਣ ਵਾਲੀ ਗੱਲ ਹੈ ਕਿ ਮੇਅਰ ਦੀ ਕੁਰਸੀ 'ਤੇ ਬਲ ਦਾ ਰਾਜ ਹੋਵੇਗਾ ਜਾਂ ਫਿਰ ਜਗਦੀਸ਼ ਦਾ ਰਾਜ ਹੋਵੇਗਾ, ਉਥੇ ਸੀਨੀਅਰ ਮੇਅਰ ਦੇ ਅਹੁਦੇ 'ਤੇ ਕਿਸੇ ਮਹਿਲਾ ਕੌਂਸਲਰ ਨੂੰ ਬਿਠਾਉਣ ਦਾ ਪਾਰਟੀ ਨੇ ਮਨ ਬਣਾ ਲਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਡਿਪਟੀ ਮੇਅਰ ਦੇ ਅਹੁਦੇ 'ਤੇ ਕਿਸੇ ਸ਼ਹਿਰੀ ਸਿੱਖ ਆਗੂ ਨੂੰ ਬਿਠਾਇਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਕਿਸ ਦੇ ਨਾਂ ਦੀ ਲਾਟਰੀ 25 ਤਰੀਕ ਨੂੰ ਨਿਕਲਦੀ ਹੈ, ਇਹ ਤਾਂ ਸਮਾਂ ਦੱਸੇਗਾ ਪਰ ਸੱਟਾ ਬਾਜ਼ਾਰ ਵਿਚ ਇਨ੍ਹਾਂ ਅਹੁਦਿਆਂ ਲਈ ਜਮ ਕੇ ਸੱਟਾ ਲਾਇਆ ਜਾ ਰਿਹਾ ਹੈ ਤੇ 48 ਘੰਟੇ ਤੱਕ ਹਰ ਦਾਅਵੇਦਾਰ ਦੇ ਸਾਹ ਖੁਸ਼ਕ ਨਜ਼ਰ ਆ ਰਹੇ ਹਨ।
ਬਾਜਵਾ ਦੀਆਂ ਟਿੱਪਣੀਆਂ 'ਤੇ ਸੁਨੀਲ ਜਾਖੜ ਦਾ ਜਵਾਬ
NEXT STORY