ਜਲੰਧਰ (ਖੁਰਾਣਾ)– ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਈ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਭਾਵੇਂ ਘਟਿਆ ਹੈ ਅਤੇ ਕਈ ਮਹਿਕਮਿਆਂ ’ਤੇ ਬਹੁਤ ਜ਼ਿਆਦਾ ਸਖ਼ਤੀ ਕੀਤੀ ਗਈ ਹੈ ਪਰ ਫਿਰ ਵੀ ਲੋਕਲ ਬਾਡੀਜ਼ ਮਹਿਕਮਾ ਅਜਿਹਾ ਹੈ, ਜਿੱਥੇ ਖੁੱਲ੍ਹ ਕੇ ਭ੍ਰਿਸ਼ਟਾਚਾਰ ਦੀ ਖੇਡ ਖੇਡੀ ਜਾ ਰਹੀ ਹੈ। ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਸ ਦੇ ਕੁਝ ਅਫ਼ਸਰਾਂ ਨੇ ਸ਼ਰੇਆਮ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨਾਲ ਅਜਿਹੀ ਸੈਟਿੰਗ ਕੀਤੀ ਹੋਈ ਹੈ, ਜਿਸ ਦੇ ਸਹਾਰੇ ਉਹ ਖੂਬ ਕਾਲੀ ਕਮਾਈ ਕਰ ਰਹੇ ਹਨ ਅਤੇ ਇਹ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਬਾਦਸਤੂਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ 10-15 ਸਾਲਾਂ ਤੋਂ ਦੇਸ਼ ਦੀਆਂ ਕਈ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਆਪਣੇ ਨੈੱਟਵਰਕ ’ਚ ਵਿਸਤਾਰ ਕੀਤਾ ਹੈ, ਜਿਸ ਤਹਿਤ ਘਰ-ਘਰ ਟੈਲੀਕਾਮ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਇਹ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨਾ ਸਿਰਫ ਅੰਡਰਗਰਾਊਂਡ ਤਾਰਾਂ ਪਾ ਰਹੀਆਂ ਹਨ, ਸਗੋਂ ਹੁਣ ਇਨ੍ਹਾਂ ਕੰਪਨੀਆਂ ਨੇ ਸਰਕਾਰੀ ਸੜਕਾਂ ’ਤੇ ਖੰਭੇ ਆਦਿ ਲਾ ਕੇ ਓਵਰਹੈੱਡ ਵਾਈਰਿੰਗ ਕਰਨ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੋਇਆ ਹੈ। ਜਲੰਧਰ ਵਿਚ ਕਈ ਸਾਲਾਂ ਤੋਂ ਕਈ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਆਪਣੇ ਨੈੱਟਵਰਕ ਨੂੰ ਵਿਸਤਾਰ ਦੇ ਚੁੱਕੀਆਂ ਹਨ ਪਰ ਇਨ੍ਹੀਂ ਦਿਨੀਂ ਰਿਲਾਇੰਸ ਗਰੁੱਪ ਦੀ ਜੀਓ ਕੰਪਨੀ ਵੱਲੋਂ ਸ਼ਹਿਰ ਵਿਚ ਥਾਂ-ਥਾਂ ਨਵੇਂ ਖੰਭੇ ਲਾ ਕੇ ਓਵਰਹੈੱਡ ਅਤੇ ਅੰਡਰਗਰਾਊਂਡ ਤਾਰਾਂ ਪਾਈਆਂ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਜਲੰਧਰ ਨਿਗਮ ਦੇ ਕੁਝ ਅਧਿਕਾਰੀ ਨਾ ਸਿਰਫ਼ ਇਸ ਨਾਜਾਇਜ਼ ਕੰਮ ਨੂੰ ਸਰਪ੍ਰਸਤੀ ਦੇ ਰਹੇ ਹਨ, ਸਗੋਂ ਜੀਓ ਕੰਪਨੀ ਵੱਲੋਂ ਇਨ੍ਹੀਂ ਦਿਨੀਂ ਕੀਤੇ ਜਾ ਰਹੇ ਕੰਮ ਨੂੰ ਰੋਕਣ ਦਾ ਵੀ ਕੋਈ ਯਤਨ ਨਹੀਂ ਕਰ ਰਹੇ।
ਇਹ ਵੀ ਪੜ੍ਹੋ: ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ: ਸੁਨੀਲ ਜਾਖੜ
ਨਹਿਰ ਕੰਢੇ ਬਣ ਰਹੇ ਚੈਂਬਰ ਅਤੇ ਲੱਗ ਰਹੇ ਨਵੇਂ ਖੰਭੇ
ਇਨ੍ਹੀਂ ਦਿਨੀਂ ਸਮਾਰਟ ਸਿਟੀ ਕੰਪਨੀ ਵੱਲੋਂ ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ਤੋਂ ਲੈ ਕੇ ਗੁਲਾਬ ਦੇਵੀ ਹਸਪਤਾਲ ਰੋਡ ਦੀ ਪੁਲੀ ਤੱਕ ਨਹਿਰ ਦੇ ਸੁੰਦਰੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ ਪਰ ਇਸ ਕੰਮ ਦੇ ਨਾਲ-ਨਾਲ ਰਿਲਾਇੰਸ ਦੀ ਜੀਓ ਕੰਪਨੀ ਵੱਲੋਂ ਵੀ ਕਈ ਨਵੇਂ ਖੰਭੇ ਲਾ ਦਿੱਤੇ ਗਏ ਹਨ ਅਤੇ ਨਵੇਂ ਚੈਂਬਰ ਵੀ ਬਣਾਏ ਜਾ ਰਹੇ ਹਨ। ਹਰਦੇਵ ਨਗਰ ਨੇੜੇ ਪੁੱਟੇ ਜਾ ਰਹੇ ਇਕ ਚੈਂਬਰ ਬਾਰੇ ਜਦੋਂ ਨਿਗਮ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਸਦੇ ਬਾਵਜੂਦ ਉਥੇ ਮੌਕੇ ’ਤੇ ਜਾ ਕੇ ਕੰਮ ਨਹੀਂ ਰੁਕਵਾਇਆ ਗਿਆ ਅਤੇ ਸ਼ਿਕਾਇਤ ਦੇ ਬਾਅਦ ਵੀ ਕੰਪਨੀ ਦੇ ਕਰਮਚਾਰੀਆਂ ਨੇ ਉਥੇ ਕੰਮ ਜਾਰੀ ਰੱਖਿਆ। ਉਥੇ ਅੱਜ ਵੀ ਨਵੇਂ ਲੱਗੇ ਖੰਭਿਆਂ ’ਤੇ ਨਵੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ।
ਕੰਪਨੀ ’ਤੇ ਕਾਰਵਾਈ ਕੀਤੇ ਬਿਨਾਂ ਸ਼ਿਕਾਇਤ ਬੰਦ ਕਰਨ ਦੇ ਹੁਕਮ
ਇਸੇ ਸਕੈਂਡਲ ਬਾਰੇ ਨਿਗਮ ਵਿਚ ਦਿੱਤੀ ਗਈ ਸ਼ਿਕਾਇਤ ਨੰਬਰ 9542 ਮਿਤੀ 8 ਜੂਨ 2022 ਦੇ ਜਵਾਬ ਵਿਚ ਨਿਗਮ ਦੇ ਬੀ. ਐਂਡ ਆਰ. ਮਹਿਕਮੇ ਦੇ ਇੰਜੀਨੀਅਰ ਨੇ ਜਿਹੜੀ ਚਿੱਠੀ ਨੰਬਰ 1292 ਮਿਤੀ 9 ਜੂਨ 2022 ਭੇਜੀ ਹੈ, ਉਸ ਵਿਚ ਸਿਰਫ ਇੰਨਾ ਕਿਹਾ ਗਿਆ ਹੈ ਕਿ ਬਸਤੀ ਬਾਵਾ ਖੇਲ ਨਹਿਰ ਦੇ ਨੇੜੇ ਕਰਵਾਏ ਜਾ ਰਹੇ ਕੰਮ ਵੀ ਨਿਗਮ ਵੱਲੋਂ ਕੋਈ ਇਜਾਜ਼ਤ ਨਹੀਂ ਦਿੱਤੀ ਗਈ। ਇਕ ਵੱਖ ਚਿੱਠੀ ’ਚ ਇਹ ਜਵਾਬ ਵੀ ਦਿੱਤਾ ਗਿਆ ਹੈ ਕਿ ਉਥੇ ਚੈਂਬਰ ਪਹਿਲਾਂ ਤੋਂ ਬਣਿਆ ਹੋਇਆ ਹੈ ਅਤੇ ਹੁਣ ਤਾਂ ਉਥੇ ਤਾਰਾਂ ਆਦਿ ਪਾਉਣ ਦਾ ਕੰਮ ਹੀ ਕਰਵਾਇਆ ਜਾ ਰਿਹਾ ਹੈ। ਨਿਗਮ ਦੇ ਇੰਜੀਨੀਅਰ ਵੱਲੋਂ ਲਿਖੀ ਇਸ ਚਿੱਠੀ ਵਿਚ ਨਿਗਮ ਦੇ ਹੀ ਸ਼ਿਕਾਇਤ ਸੈੱਲ ਨੂੰ ਇਹ ਵੀ ਕਿਹਾ ਗਿਆ ਹੈ ਕਿ ਹੁਣ ਇਸ ਸ਼ਿਕਾਇਤ ਨੂੰ ਦਾਖਲ ਦਫਤਰ ਭਾਵ ਬੰਦ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ: ਜਲੰਧਰ: ਗੰਗਾਸਾਗਰ ’ਚ ਇਸ਼ਨਾਨ ਦੌਰਾਨ ਡੁੱਬੇ ਚਾਚਾ-ਭਤੀਜਾ, ਘਰ ’ਚ ਛਾਇਆ ਮਾਤਮ
ਹੁਣ ਸਵਾਲ ਇਹ ਉੱਠਦਾ ਹੈ ਕਿ ਬੀ. ਐਂਡ ਆਰ. ਮਹਿਕਮੇ ਦੇ ਅਧਿਕਾਰੀ ਖ਼ੁਦ ਹੀ ਮੰਨ ਰਹੇ ਹਨ ਕਿ ਪ੍ਰਾਈਵੇਟ ਟੈਲੀਕਾਮ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਕੰਮ ਬਿਨਾਂ ਇਜਾਜ਼ਤ ਦੇ ਚੱਲ ਰਿਹਾ ਹੈ ਅਤੇ ਉਥੇ ਤਾਰਾਂ ਆਦਿ ਵੀ ਪਾਈਆਂ ਜਾ ਰਹੀਆਂ ਹਨ। ਇਸਦੇ ਬਾਵਜੂਦ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀ ਉਸ ਕੰਪਨੀ ’ਤੇ ਕੋਈ ਐਕਸ਼ਨ ਨਹੀਂ ਲੈ ਰਹੇ ਹਨ ਅਤੇ ਉਥੇ ਕੰਮ ਬਾਦਸਤੂਰ ਜਾਰੀ ਹੈ। ਇਸ ਮਾਮਲੇ ਵਿਚ ਨਿਗਮ ਦੇ ਜੇ. ਈ., ਐੱਸ. ਡੀ. ਓ., ਐਕਸੀਅਨ ਅਤੇ ਐੱਸ. ਈ. ਪੱਧਰ ਦੇ ਅਧਿਕਾਰੀ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਤੋਂ ਬਚਦੇ ਚਲੇ ਆ ਰਹੇ ਹਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਟੈਲੀਕਾਮ ਕੰਪਨੀਆਂ ਵੱਲੋਂ ਦਿੱਤੀ ਜਾਂਦੀ ਰਿਸ਼ਵਤ ਦਾ ਬੋਲਬਾਲਾ ਕਿਥੋਂ ਤੱਕ ਹੈ।
ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਜਲੰਧਰ ਤੋਂ ਚੱਲਣ ਵਾਲੀਆਂ 4 ਵੋਲਵੋ ਬੱਸਾਂ ਦੀ ‘ਬੁਕਿੰਗ ਸ਼ੁਰੂ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, 'ਸਿੰਗਲਾ' ਵੀ ਰਾਡਾਰ 'ਤੇ
NEXT STORY