ਚੰਡੀਗੜ੍ਹ (ਸ਼ਰਮਾ)-ਸੂਬੇ ਦੀਆਂ 3 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਦੇ ਕੁਲ 225 ਵਾਰਡਾਂ ਲਈ ਆਉਣ ਵਾਲੀ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ 925 ਉਮੀਦਵਾਰ ਮੈਦਾਨ 'ਚ ਹੋਣਗੇ। ਇਨ੍ਹਾਂ 'ਚ ਪਟਿਆਲਾ ਨਗਰ ਨਿਗਮ ਦੇ ਉਨ੍ਹਾਂ 3 ਵਾਰਡਾਂ ਦੇ ਉਮੀਦਵਾਰ ਸ਼ਾਮਲ ਨਹੀਂ ਹਨ, ਜੋ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਸੂਬੇ 'ਚ ਚੋਣ ਕਮਿਸ਼ਨ ਵਲੋਂ ਇਕੱਠੇ ਕੀਤੇ ਗਏ ਡਾਟੇ ਅਨੁਸਾਰ ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ ਲਈ 629 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ, ਜਿਨ੍ਹਾਂ 'ਚੋਂ 28 ਨਾਮਜ਼ਦਗੀ ਪੱਤਰ ਰੱਦ ਹੋ ਗਏ ਤੇ 188 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਇਸ ਤਰ੍ਹਾਂ ਹੁਣ 413 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ।
ਜਲੰਧਰ ਨਗਰ ਨਿਗਮ ਦੇ 80 ਵਾਰਡਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ 6 ਦਸੰਬਰ ਤੱਕ 434 ਉਮੀਦਵਾਰਾਂ ਨੇ ਆਪਣੇ ਪਰਚੇ ਦਾਖਲ ਕੀਤੇ ਸਨ, ਜਿਨ੍ਹਾਂ 'ਚੋਂ ਜਾਂਚ ਤੋਂ ਬਾਅਦ 13 ਰੱਦ ਹੋ ਗਏ, ਜਦਕਿ 116 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਇਸ ਤਰ੍ਹਾਂ ਹੁਣ ਇਸ ਨਿਗਮ ਦੀ ਚੋਣ 'ਚ 305 ਉਮੀਦਵਾਰ ਹੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਟਿਆਲਾ ਨਗਰ ਨਿਗਮ ਦੇ 60 ਵਾਰਡਾਂ 'ਚੋਂ 57 ਵਾਰਡਾਂ ਲਈ ਹੀ ਵੋਟਾਂ ਪੈਣਗੀਆਂ ਕਿਉਂਕਿ ਇਥੋਂ ਦੇ 3 ਵਾਰਡਾਂ ਵਿਚ ਸਿਰਫ਼ 1-1 ਉਮੀਦਵਾਰ ਹੀ ਚੋਣ ਮੈਦਾਨ 'ਚ ਹੈ। ਹਾਲਾਂਕਿ ਇਨ੍ਹਾਂ ਉਮੀਦਵਾਰਾਂ ਦੀ ਨਿਰਵਿਰੋਧ ਚੋਣ ਦਾ ਐਲਾਨ ਹੋਰ ਵਾਰਡਾਂ ਦੇ ਨਤੀਜੇ ਐਲਾਨ ਹੋਣ ਦੇ ਨਾਲ ਹੀ ਹੋਵੇਗਾ। ਇਸ ਨਗਰ ਨਿਗਮ ਚੋਣ ਲਈ ਕੁਲ 292 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ 'ਚੋਂ 11 ਨਾਮਜ਼ਦਗੀ ਪੱਤਰ ਜਾਂਚ ਤੋਂ ਬਾਅਦ ਰੱਦ ਹੋ ਗਏ, ਜਦਕਿ 71 ਉਮੀਦਵਾਰਾਂ ਨੇ ਆਪਣੇ ਪਰਚੇ ਵਾਪਸ ਲੈ ਲਏ। ਹੁਣ ਇਸ ਨਗਰ ਨਿਗਮ ਦੇ 57 ਵਾਰਡਾਂ ਲਈ 207 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ, ਜਦਕਿ ਬਾਕੀ 3 ਵਿਚ 1-1 ਉਮੀਦਵਾਰ ਨੇ ਹੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।
ਹਾਈਕੋਰਟ ਵਲੋਂ ਬਰਸਾਤੀ ਨਾਲੇ ਵਿਚ ਗੰਦੇ ਪਾਣੀ, ਕੂੜੇ ਦੀ ਸਮੱਸਿਆ 'ਤੇ ਐੱਮ. ਸੀ. ਕਮਿਸ਼ਨਰ ਨੂੰ ਪੇਸ਼ ਹੋਣ ਦੇ ਹੁਕਮ
NEXT STORY