ਸ਼ੁਤਰਾਣਾ/ਪਾਤੜਾਂ, (ਅਡਵਾਨੀ, ਸ਼ੀਸ਼ਪਾਲ, ਮਾਨ)- ਅੱਜ ਉਸ ਸਮੇਂ ਸ਼ਹਿਰ ਅੰਦਰ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਨਗਰ ਕੌਂਸਲ ਪਾਤੜਾਂ ਵੱਲੋਂ ਚਹੁ-ਮਾਰਗੀ ਸੜਕ ਬਣਾਉਣ ਲਈ ਭਾਰੀ ਪੁਲਸ ਫੋਰਸ ਲੈ ਕੇ ਨਾਜਾਇਜ਼ ਕਬਜ਼ੇ ਵਾਲੀਆਂ ਦੁਕਾਨਾਂ ਨੂੰ ਜੇ. ਬੀ. ਸੀ. ਨਾਲ ਤੋੜ ਕੇ ਥਾਂ ਖਾਲੀ ਕਰਵਾਈ ਗਈ। ਇਸ ਦੌਰਾਨ ਸ਼ਹਿਰ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ, ਅੱਥਰੂ ਗੈਸ ਦੇ ਗੋਲੇ ਵਾਲੀਆਂ ਮਸ਼ੀਨਾਂ ਨਾਲ ਤਾਇਨਾਤ ਕੀਤੇ ਜਵਾਨਾਂ ਦੀ ਮੌਜੂਦਗੀ ਵਿਚ ਨਾਜਾਇਜ਼ ਕਬਜ਼ੇ ਹਟਵਾਏ ਗਏ। ਅੱਜ ਸੈਂਕੜਿਆਂ ਦੀ ਗਿਣਤੀ ਵਿਚ ਰੁਜ਼ਗਾਰ ਕਰਨ ਵਾਲੇ ਦੁਕਾਨਦਾਰ ਆਪਣੀਆਂ ਅੱਖਾਂ ਸਾਹਮਣੇ ਕੰਗਾਲ ਹੁੰਦੇ ਨਜ਼ਰ ਆ ਰਹੇ ਸਨ। ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਚਹੁ-ਮਾਰਗੀ ਸੜਕ ਬਣਾਉਣ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਵਿਚ ਭਗਤ ਸਿੰਘ ਚੌਕ ਤੋਂ ਲੈ ਕੇ ਪਟਿਆਲਾ ਰੋਡ ਕਾਲੀ ਦੇਵੀ ਮਾਤਾ ਮੰਦਰ ਦੀ ਗਲੀ ਤੱਕ ਕਾਫ਼ੀ ਤਾਦਾਤ ਵਿਚ ਲੋਕ ਸ਼ਹਿਰ ਵਸਣ ਤੋਂ ਪਹਿਲਾਂ ਆਪਣੀਆਂ ਦੁਕਾਨਾਂ ਬਣਾ ਕੇ ਕਾਰੋਬਾਰ ਕਰ ਰਹੇ ਸਨ। ਪਾਤੜਾਂ ਸ਼ਹਿਰ ਵੱਲੋਂ ਇੱਕ ਕਮੇਟੀ ਬਣਾ ਕੇ ਹਾਈ ਕੋਰਟ ਵਿਚ ਕੇਸ ਕੀਤਾ ਗਿਆ ਸੀ।
ਉਸ ਵਿਚ ਕੋਰਟ ਨੇ 124 ਨੰਬਰ ਕਿਲੇ ਵਿਚ ਬਣੇ ਨਾਜਾਇਜ਼ ਕਬਜ਼ੇ ਢਾਹੁਣ ਲਈ ਪੀ. ਡਬਲਯੂ. ਡੀ. ਤੋਂ ਬਾਹਰ ਨਾ ਜਾ ਕੇ ਦੁਕਾਨਾਂ ਨਾ ਤੋੜਨ ਦੇ ਹੁਕਮ ਦਿੱਤੇ ਸਨ। ਪੀ. ਡਬਲਯੂ. ਡੀ ਮਹਿਕਮੇ ਨੇ ਆਪਣੀ ਬਲਾਅ ਆਪਣੇ ਤੋਂ ਉਤਾਰ ਕੇ ਨਗਰ ਕੌਂਸਲ ਪਾਤੜਾਂ ਦੇ ਗਲ ਪਾ ਦਿੱਤੀ।
ਅੱਜ ਨਗਰ ਕੌਂਸਲ ਪਾਤੜਾਂ ਨੇ ਆਪਣਾ ਮਲਕੀਅਤੀ ਹੱਕ ਦਿਖਾਉਂਦਿਆਂ ਭਗਤ ਸਿੰਘ ਚੌਕ ਤੋਂ ਲੈ ਕੇ ਕਾਲੀ ਮਾਤਾ ਮੰਦਰ ਵਾਲੀ ਗਲੀ ਤੱਕ 'ਪੀਲਾ ਪੰਜਾ' ਚਲਾ ਕੇ ਸ਼ਹਿਰ 'ਚ ਪੂਰਾ ਕਹਿਰ ਵਰਤਾਇਆ। ਕੁਝ ਦੁਕਾਨਦਾਰਾਂ ਨੇ ਇਸ 'ਤੇ ਇਤਰਾਜ਼ ਜਤਾਉਂਦਿਆਂ 104 ਨੰਬਰ ਕਿਲੇ ਦਾ ਹਵਾਲਾ ਦਿੰਦਿਆਂ ਹਾਈ ਕੋਰਟ ਦੇ ਹੁਕਮ 'ਤੇ ਨਕਸ਼ੇ ਵੀ ਦਿਖਾਏ ਪਰ ਉਨ੍ਹਾਂ ਦੀ ਇੱਕ ਨਾ ਚੱਲੀ।
ਇਸ ਦੌਰਾਨ ਹਰਬੰਸ ਐਂਡ ਸੰਨਜ਼ ਦੁਕਾਨ ਦੇ ਮਾਲਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੀ ਦੁਕਾਨ 104 ਨੰਬਰ ਕਿਲੇ ਵਿਚ ਆਉਂਦੀ ਹੈ। ਇਨ੍ਹਾਂ ਨੂੰ 124 ਨੰਬਰ ਕਿਲੇ ਵਿਚ ਤੋੜਨ ਦੇ ਹੁਕਮ ਹਨ। ਕੋਈ ਵੀ ਅਧਿਕਾਰੀ ਸਾਨੂੰ ਲਿਖ ਕੇ ਦੇ ਦੇਵੇ ਕਿ ਅਸੀਂ ਨਾਜਾਇਜ਼ ਕਬਜ਼ੇ ਵਿਚ ਬੈਠੇ ਹਾਂ, ਅਸੀਂ ਆਪ ਹੀ ਤੁਰੰਤ ਆਪਣੀ ਦੁਕਾਨ ਤੋੜ ਦੇਵਾਂਗੇ। 3 ਅਕਤੂਬਰ ਨੂੰ ਸਾਨੂੰ ਨਗਰ ਕੌਂਸਲ ਵੱਲੋਂ ਨੋਟਿਸ ਮਿਲਿਆ ਸੀ, ਜਿਸ ਦਾ ਜਵਾਬ ਉਸੇ ਦਿਨ ਹੀ ਨਗਰ ਕੌਂਸਲ ਪਾਤੜਾਂ ਵਿਚ ਦੇ ਦਿੱਤਾ ਗਿਆ ਸੀ। ਫਿਰ ਵੀ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਦੋਂ ਉਹ ਆਪਣੀ ਦੁਕਾਨ ਨੂੰ ਨਾ ਤੋੜਨ 'ਤੇ ਅੜਿਆ ਰਿਹਾ ਤਾਂ ਮੌਕਾ ਮੈਜਿਸਟ੍ਰੇਟ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਲੱਗੇ। ਉਹ ਚੁੱਪ ਕਰ ਕੇ ਆਪਣੀ ਬਰਬਾਦੀ ਦਾ ਤਮਾਸ਼ਾ ਵੇਖਣ ਲਈ ਬੇਬੱਸ ਹੋ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਦੁਕਾਨਦਾਰਾਂ ਨੂੰ ਨਗਰ ਕੌਂਸਲ ਪਾਤੜਾਂ ਵੱਲੋਂ ਲਗਾਤਾਰ ਨੋਟਿਸ ਕੱਢੇ ਗਏ। ਦੁਕਾਨਦਾਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਤੇ ਲਗਾਤਾਰ ਦੋ ਦਿਨ ਪਹਿਲਾਂ ਥਾਂ ਖਾਲੀ ਕਰਨ ਲਈ ਮੀਟਿੰਗ ਕਰਵਾਈ ਗਈ ਪਰ ਕੋਈ ਦੁਕਾਨਦਾਰ ਥਾਂ ਖਾਲੀ ਕਰਨ ਲਈ ਤਿਆਰ ਨਹੀਂ ਸੀ। ਇਸ 'ਤੇ ਸ਼ਹਿਰ ਅੰਦਰ ਹਿੰਸਕ ਸਥਿਤੀ ਬਣ ਸਕਦੀ ਸੀ। ਇਸ ਲਈ ਭਾਰੀ ਬਲ ਫੋਰਸ ਦਾ ਸਹਾਰਾ ਲੈਣਾ ਪਿਆ।
ਇੰਝ ਜਾਪ ਰਿਹਾ ਸੀ ਕਿ ਜਿਵੇਂ ਪਾਤੜਾਂ ਸ਼ਹਿਰ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ ਹੋਵੇ। ਇਸ ਲਈ ਅੱਥਰੂ ਗੈਸ ਦੀਆਂ ਮਸ਼ੀਨਾਂ ਨਾਲ ਫੋਰਸ ਨੂੰ ਤਇਨਾਤ ਕਰ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਇੰਨੀ ਫੋਰਸ ਅੱਗੇ ਦੁਕਾਨਦਾਰ ਆਪਣੀ ਬਰਬਾਦੀ ਵੇਖਣ ਲਈ ਬੇਬੱਸ ਨਜ਼ਰ ਆ ਰਹੇ ਸਨ।
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈ. ਓ. ਮੈਡਮ ਨਾਲ ਗਲੱਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਕਬਜ਼ੇ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਖਾਲੀ ਕਰਵਾਏ ਗਏ ਹਨ।
ਕਾਂਗਰਸੀ ਆਗੂ ਗੁਰਸੇਵਕ ਲਿੱਦੜ 'ਤੇ ਹੋਇਆ ਜਾਨਲੇਵਾ ਹਮਲਾ
NEXT STORY