ਮਜੀਠਾ (ਸਰਬਜੀਤ ਵਡਾਲਾ) - ਵਿਧਾਨ ਸਭਾ ਹਲਕਾ ਮਜੀਠਾ ਨੂੰ ਚਾਹੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਿਆਸਤ ਦਾ ਧੁਰਾ ਕਿਹਾ ਜਾਂਦਾ ਹੈ ਅਤੇ ਇਸ ਹਲਕੇ ਤੋਂ ਹੀ ਅਕਾਲੀ ਸਿਆਸਤ ਸ਼ੁਰੂ ਹੁੰਦੀ ਹੈ। ਇਸਦੀ ਵਾਗਡੌਰ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੇ ਹੱਥ ਹੈ, ਜਿਸਦਾ ਤੀਜੀ ਵਾਰ ਫਿਰ ਅਕਾਲੀ ਦਲ (ਬ) ਨੇ ਬਾਜ਼ੀ ਮਾਰਦਿਆਂ ਹਲਕਾ ਮਜੀਠਾ ਦੀ ਨਗਰ ਕੌਂਸਲ ’ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਦੂਜੇ ਪਾਸੇ ਦੇਖਿਆ ਜਾਵੇ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ 13 ਵਾਰਡਾਂ ’ਚੋਂ 2 ਵਾਰਡਾਂ ਵਿਚ ਕਾਂਗਰਸ ਪਾਰਟੀ ਵਲੋਂ ਜਿੱਤ ਹਾਸਲ ਕਰਨਾ, ਜਿਥੇ ਕਿਸੇ ਨਾਮੋਸ਼ੀ ਤੋਂ ਘੱਟ ਨਹੀਂ, ਉਥੇ ਅਕਾਲੀ ਦਲ (ਬ) ਦਾ 10 ਵਾਰਡਾਂ ’ਤੇ ਕਾਬਜ਼ ਹੋਣਾ ਬਹੁਤ ਵੱਡਾ ਮਾਅਰਕਾ ਮਾਰਨ ਦੇ ਬਰਾਬਰ ਹੈ।
ਦੱਸ ਦੇਈਏ ਕਿ ਇਸ ਵੇਲੇ ਅਕਾਲੀ ਦਲ ਦੀ ਸੂਬੇ ਵਿਚ ਨਾ ਤਾਂ ਸਰਕਾਰ ਹੈ ਅਤੇ ਨਾ ਕੋਈ ਹੋਰ ਅਹਿਮ ਪ੍ਰਾਪਤੀ, ਜਿਸਦੇ ਚਲਦਿਆਂ ਇਸ ਜਿੱਤ ਦਾ ਸਿਹਰਾ ਜੇਕਰ ਬਿਕਰਮ ਸਿੰਘ ਮਜੀਠੀਆ ਦੇ ਸਿਰ ਬੰਨ੍ਹ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਦੋਵਾਂ ਰਾਂਵਾਂ ਨਹੀਂ ਹੋਣਗੀਆਂ। ਸਿਆਸੀ ਗਲਿਆਰਿਆਂ ਵਿਚ ਅਕਸਰ ਇਹੀ ਚਰਚਾ ਸੁਣਨ ਨੂੰ ਮਿਲਦੀ ਹੈ ਕਿ ਬਿਕਰਮ ਮਜੀਠੀਆ ਨੇ ਹਮੇਸ਼ਾ ਰਣਨੀਤੀ ਉਲੀਕੇ ਬਿਨਾਂ ਨਾ ਤਾਂ ਕਦੀ ਸਿਆਸਤ ਕੀਤੀ ਹੈ ਅਤੇ ਨਾ ਹੀ ਹਵਾ ’ਚ ਤੀਰ ਛੱਡੇ ਹਨ, ਜਿਸ ਦਾ ਨਤੀਜਾ ਹਲਕਾ ਮਜੀਠਾ ਵਿਚ ਇਸ ਵਾਰ ਨਗਰ ਕੌਂਸਲ ਚੋਣਾਂ ਜਿੱਤ ਕੇ ਤੀਜੀ ਵਾਰ ਅਕਾਲੀ ਦਲ (ਬ) ਵਲੋਂ ਲਗਾਈ ਗਈ ਹੈਟ੍ਰਿਕ ਤੋਂ ਸਾਹਮਣੇ ਆ ਰਿਹਾ ਹੈ।
ਕਿਹਾ ਜਾਂਦਾ ਹੈ ਕਿ ਸ. ਮਜੀਠੀਆ ਵੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁਖ ਮੰਤਰੀ ਪੰਜਾਬ ਵਾਂਗ ਸਿਆਸਤ ਦਾ ਇਕ-ਇਕ ਗੁਰ ਜਾਣਦੇ ਹਨ। ਇਸਦੇ ਮੱਦੇਨਜ਼ਰ ਮਜੀਠੀਆ ਨੂੰ ਹਰੇਕ ਹੋਣ ਵਾਲੀ ਚੋਣ ਵਿਚ ਸਹਿਜੇ ਹੀ ਜਿੱਤ ਹਾਸਲ ਹੋ ਜਾਂਦੀ ਹੈ। ਇਸੇ ਸਦਕਾ ਇਸ ਹਲਕੇ ਵਿਚ ਕਾਂਗਰਸ ਪਾਰਟੀ ਦੇ ਅਜੈ ਤੱਕ ਚੰਗੀ ਤਰ੍ਹਾਂ ਪੈਰ ਨਹੀਂ ਲੱਗ ਸਕੇ। ਚੱਲੋ ਖੈਰ ਛੱਡੋ! ਇਹ ਤਾਂ ਹੋ ਗਈ ਗੱਲ ਪੰਜਾਬ ਵਿਚ ਹੋਵੇ ਵਿਰੋਧੀ ਪਾਰਟੀ ਕਾਂਗਰਸ ਦੀ ਸਰਕਾਰ ਤੇ ਜਿੱਤੇ ਅਕਾਲੀ ਦਲ ਦੀ, ਜਦਕਿ ਇਕ ਸੀਟ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ।
..ਤੇ ਆਖਿਰਕਾਰ ਕਿਸ ਦੇ ਸਿਰ ਸੱਜੇਗਾ ਪ੍ਰਧਾਨਗੀ ਦਾ ਤਾਜ?:
ਹੁਣ ਅਸੀਂ ਮੁੱਦਾ ਚੁੱਕਣ ਜਾ ਰਹੇ ਹਾਂ ਜਗਬਾਣੀ ਰਾਹੀਂ ਨਗਰ ਕੌਂਸਲ ਮਜੀਠਾ ਦੀ ਪ੍ਰਧਾਨਗੀ ਦਾ, ਜਿਸ ਨੂੰ ਲੈ ਕੇ ਹਲਕਾ ਮਜੀਠਾ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਪਈ, ਕਿਉਂਕਿ ਹਾਲ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਚਾਹੇ ਅਕਾਲੀ ਦਲ (ਬ) ਨੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਇਸ ਦੇ ਬਾਵਜੂਦ ਪ੍ਰਧਾਨਗੀ ਦੇ ਤਾਜ ਨੂੰ ਲੈ ਕੇ ਜਿਥੇ 2008 ਤੋਂ ਲੈ ਕੇ 2015 ਤੱਕ ਲਗਾਤਾਰ ਅਕਾਲੀ ਦਲ ਵਲੋਂ ਪ੍ਰਧਾਨ ਰਹੇ ਸਲਵੰਤ ਸਿੰਘ ਸੇਠ ਆਪਣੇ-ਆਪ ਨੂੰ ਪ੍ਰਧਾਨਗੀ ਲਈ ਇਕ ਮਜ਼ਬੂਤ ਦਾਅਵੇਦਾਰ ਵਜੋਂ ਪੇਸ਼ ਕਰ ਰਹੇ ਹਨ, ਉਥੇ ਹੀ ਸਾਬਕਾ ਪ੍ਰਧਾਨ ਨਗਰ ਕੌਂਸਲ ਮਜੀਠਾ ਤਰੁਣ ਅਬਰੋਲ ਵੀ ਪ੍ਰਧਾਨਗੀ ਦੀ ਕੁਰਸੀ ’ਤੇ ਬੈਠਣ ਦੀ ਮਨਸ਼ਾ ਆਪਣੇ ਮਨ ਅੰਦਰ ਸਮੋਏ ਬੈਠੇ ਹਨ। ਤੀਜੇ ਦਾਅਵੇਦਾਰ ਵਜੋਂ ਸਭ ਤੋਂ ਛੋਟੀ ਉਮਰ ਦੇ 2 ਵਾਰ ਬਣੇ ਕੌਂਸਲਰ ਨਰਿੰਦਰ ਨਈਅਰ ਵੀ ਪ੍ਰਧਾਨਗੀ ਦੇ ਸੁਪਨੇ ਸਜਾਏ ਉਡੀਕ ਵਿਚ ਖਡ਼੍ਹਾ ਹੈ।
ਦੂਜੇ ਪਾਸੇ ਸੁਣਨ ਵਿਚ ਆ ਰਿਹਾ ਹੈ ਇਸ ਵਾਰ ਨਗਰ ਕੌਂਸਲ ਮਜੀਠਾ ਦੀ ਪ੍ਰਧਾਨਗੀ ਸੀਟ ਲੇਡੀਜ਼ ਰਿਜ਼ਰਵ ਹੋ ਜਾਣੀ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਕਿ ਫਿਰ ਪ੍ਰਧਾਨਗੀ ਦੇ ਸੁਪਨੇ ਸੰਜੋ ਕੇ ਬੈਠੇ ਉਕਤ ਦਾਅਵੇਦਾਰਾਂ ਦੀਆਂ ਉਮੀਦਾਂ ਧਰੀ ਦੀਆਂ ਧਰੀਆਂ ਹੀ ਰਹਿ ਜਾਣਗੀਆਂ। ਉਕਤ ਸਭ ਦੇ ਮੱਦੇਨਜ਼ਰ ਹੁਣ ਆਉਣ ਵਾਲੇ ਚੰਦ ਦਿਨਾਂ ਵਿਚ ਹੀ ਪਤਾ ਚੱਲੇ ਜਾਵੇਗਾ ਕਿ ਮਜੀਠੀਆ ਆਪਣੇ ਵਿਸ਼ਵਾਸਪਾਤਰਾਂ ਵਿਚੋਂ ਕਿਸ ਜੇਤੂ ਕੌਂਸਲਰ ਰੂਪੀ ਵਿਸ਼ਵਾਸਪਾਤਰ ’ਤੇ ਆਪਣੀ ਮਿਹਰ ਭਰੀ ਨਜ਼ਰ ਰੱਖਦੇ ਹੋਏ ਨਗਰ ਕੌਂਸਲ ਮਜੀਠਾ ਦੀ ਪ੍ਰਧਾਨਗੀ ਦਾ ਤਾਜ ਸਜਾਉਂਦੇ ਹਨ ਪਰ ਫਿਲਹਾਲ ਇਹ ਅਜੈ ਬੁਝਾਰਤ ਹੀ ਬਣੀ ਹੋਈ ਹੈ।
ਪੰਜਾਬ 'ਚ 'ਮੌਸਮ' ਨੂੰ ਲੈ ਕੇ ਮਹਿਕਮੇ ਦੀ ਵੱਡੀ ਭਵਿੱਖਬਾਣੀ, ਜਾਣੋ ਇਸ ਵਾਰ ਕੀ ਰੰਗ ਦਿਖਾਵੇਗੀ ਗਰਮੀ (ਵੀਡੀਓ)
NEXT STORY