ਰੂਪਨਗਰ (ਸੱਜਣ ਸੈਣੀ) - ਹੜ੍ਹ ਅਤੇ ਕਰਜ਼ੇ ਦੀ ਮਾਰ ਝੱਲ ਰਹੇ ਜ਼ਿਲਾ ਰੂਪਨਗਰ ਦੇ ਕਿਸਾਨਾਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ। ਰੋਸ ਪ੍ਰਗਟ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਨਗਰ ਕੌਂਸਲ ਰੂਪਨਗਰ ਨੇ ਸ਼ਹਿਰ ਦੇ ਸੀਵਰੇਜ ਦਾ ਸਾਰਾ ਗੰਦਾ ਪਾਣੀ ਉਨ੍ਹਾਂ ਦੇ ਖੇਤਾਂ 'ਚ ਛੱਡਿਆ ਹੋਇਆ ਹੈ। ਗੰਦੇ ਪਾਣੀ ਕਾਰਨ ਪਹਿਲਾਂ ਉਨ੍ਹਾਂ ਦੀ 60 ਏਕੜ ਦੇ ਕਰੀਬ ਖੜ੍ਹੀ ਝੋਨੇ ਦੀ ਫਸਲ ਖਰਾਬ ਹੋ ਗਈ ਸੀ ਅਤੇ ਹੁਣ ਗੰਦੇ ਪਾਣੀ ਦੇ ਲਗਾਤਾਰ ਖੜੇ ਹੋਣ ਕਾਰਨ ਖੇਤ ਦਲਦਲ ਦਾ ਰੂਪ ਧਾਰ ਚੁੱਕੇ ਹਨ। ਕਿਸਾਨਾਂ ਨੇ ਕਿਹਾ ਕਿ ਦਲਦਲ ਹੋਣ ਕਾਰਨ ਉਹ ਕਣਕ ਦੀ ਬਿਜਾਈ ਨਹੀਂ ਕਰ ਪਾ ਰਹੇ।
ਦੂਜੇ ਪਾਸੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪ੍ਰਸ਼ਾਸਨ 'ਤੇ ਲਾਪ੍ਰਵਾਹੀ ਦੇ ਦੋਸ਼ ਲਾਉਂਦੇ ਕਿਹਾ ਕਿ ਉਨ੍ਹਾਂ ਨੇ ਦੋ ਮਹਿਨੇ ਪਹਿਲਾ ਇਸ ਸਮੱਸਿਆ ਦੇ ਹੱਲ ਲਈ ਡੀ.ਸੀ. ਰੋਪੜ ਨੂੰ ਲਿਖਤੀ ਮੰਗ ਪੱਤਰ ਦਿੱਤਾ ਸੀ। ਸਮੱਸਿਆ ਦਾ ਕੋਈ ਹੱਲ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ। ਇਸ ਸਮੱਸਿਆ ਦੇ ਸਬੰਧ 'ਚ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਸ਼ਹਿਰ ਦੇ ਗੰਦੇ ਪਾਣੀ ਨੂੰ ਟ੍ਰੀਟ ਕਰਨ ਅਤੇ ਅੱਗੇ ਛੱਡਣ ਦੀ ਜਿੰਮੇਵਾਰੀ ਸੀਵਰੇਜ ਬੋਰਡ ਦੀ ਹੈ।
ਇਸ ਸਬੰਧ 'ਚ ਜਦੋਂ ਸੀਵਰੇਜ ਬੋਰਡ ਦੇ ਐੱਸ.ਡੀ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਟ੍ਰੀਟਮੈਂਟ ਪਲਾਂਟ ਤੋਂ ਅੱਗੇ ਪਾਣੀ ਛੱਡਣ ਦੀ ਜਿੰਮੇਵਾਰੀ ਭੂਮੀ ਰੱਖਿਆ ਵਿਭਾਗ ਦੀ ਹੈ। ਟ੍ਰੀਟਮੈਂਟ ਪਲਾਂਟ 'ਤੇ ਪਾਣੀ ਇਕੱਠਾ ਕਰਨ ਲਈ ਦੋ ਟੈਂਕ ਬਣਾਏ ਜਾਣ ਵਾਲੇ ਹਨ, ਜਿਸ ਦਾ ਐੱਸਟੀਮੈਂਟ ਬਣਾਕੇ ਭੇਜਿਆ ਗਿਆ ਹੈ, ਜਿਸ ਦਾ ਫੰਡ ਨਾ ਆਉਣ ਕਰਕੇ ਇਸ ਕੰਮ ਦੀ ਸ਼ੁਰੂਆਤ ਅਜੇ ਨਹੀਂ ਕੀਤੀ ਗਈ।
ਸਿੱਖਾਂ ਨੇ ਜਿਸ ਵੀ ਮੁਲਕ 'ਚ ਕੰਮ ਕੀਤਾ, ਉਥੇ ਦੀ ਸ਼ਾਨ ਵਧਾਈ : ਪ੍ਰਿੰਸ ਚਾਰਲਸ
NEXT STORY