ਬੱਸੀ ਪਠਾਣਾਂ (ਰਾਜਕਮਲ, ਜਗਦੇਵ): ਬੱਸੀ ਪਠਾਣਾਂ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ 24 ਘੰਟੇ 'ਚ ਬੀਤੇ ਦਿਨ ਸਥਾਨਕ ਰੇਲਵੇ ਕਾਲੋਨੀ 'ਚ ਹੋਏ ਇਕ ਪ੍ਰਵਾਸੀ ਅਪਾਹਜ ਨੌਜਵਾਨ ਦੇ ਕਤਲ ਨੂੰ ਸੁਲਝਾਉਂਦਿਆਂ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਕਥਿਤ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ ਅਤੇ ਵਿਜੇ ਕੁਮਾਰ ਪੁੱਤਰ ਰੂਪ ਕਿਸ਼ੋਰ ਵਾਸੀ ਨੋਰਥਾ ਥਾਣਾ ਕਾਸ਼ਗੰਜ ਜ਼ਿਲਾ ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਕ ਮਾਮਲਾ ਦਰਜ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ।
ਬੱਸੀ ਪਠਾਣਾਂ 'ਚ ਐੱਸ. ਪੀ. ਡੀ. ਹਰਪਾਲ ਸਿੰਘ, ਡੀ. ਐੱਸ. ਪੀ. ਸੁਖਮਿੰਦਰ ਸਿੰਘ ਚੌਹਾਨ, ਡੀ. ਐੱਸ. ਪੀ. ਡੀ. ਜਸਵਿੰਦਰ ਸਿੰਘ ਟਿਵਾਣਾ, ਥਾਣਾ ਮੁਖੀ ਮਨਪ੍ਰੀਤ ਸਿੰਘ ਦਿਓਲ, ਪੁਲਸ ਚੌਕੀ ਮੁਖੀ ਬਲਜਿੰਦਰ ਸਿੰਘ ਕੰਗ, ਐੱਸ. ਆਈ. ਹਰਪ੍ਰੀਤ ਕੌਰ ਅਤੇ ਏ. ਐੱਸ. ਆਈ. ਮਨਦੀਪ ਸਿੰਘ ਨੇ ਬੀਤੇ ਦਿਨ ਹੋਏ ਕਤਲ ਦੇ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਭੁਪਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਰਡ ਨੰ. 9 ਨੇ ਪੁਲਸ ਨੂੰ ਦੱਸਿਆ ਕਿ ਉਹ ਕਰਿਆਨੇ ਦੀ ਦੁਕਾਨ ਕਰਦੇ ਹਨ ਅਤੇ ਕਥਿਤ ਮੁਲਜ਼ਮ ਵਿਜੇ ਕੁਮਾਰ ਉਸ ਦੀ ਦੁਕਾਨ 'ਤੇ ਨੌਕਰੀ ਕਰਦਾ ਹੈ, ਜਿਸ ਨੇ ਸਵੇਰੇ ਕਰੀਬ 9 ਵਜੇ ਆ ਕੇ ਉਨ੍ਹਾਂ ਦੱਸਿਆ ਕਿ ਉਸ ਦੇ ਵੱਡੇ ਭਰਾ ਅਜੇ ਕੁਮਾਰ ਦਾ ਉਨ੍ਹਾਂ ਦੇ ਕਮਰੇ 'ਚ ਨਾਲ ਰਹਿੰਦੇ ਪ੍ਰਵਾਸੀ ਸ਼ਵਿੰਦਰ ਕੁਮਾਰ ਪੁੱਤਰ ਨੱਥੂ ਸਿੰਘ ਨਿਵਾਸੀ ਮਰੀਚੀ ਨਾਲ ਝਗੜਾ ਹੋ ਗਿਆ ਹੈ ਤੇ ਝਗੜੇ ਦੌਰਾਨ ਸ਼ਵਿੰਦਰ ਕੁਮਾਰ ਦੇ ਸਿਰ 'ਤੇ ਜ਼ਿਆਦਾ ਸੱਟਾਂ ਲੱਗੀਆਂ ਹਨ, ਜਿਸ 'ਤੇ ਭੁਪਿੰਦਰ ਸਿੰਘ ਨੇ ਆਪਣੇ ਨੌਕਰ ਨੂੰ ਕਿਹਾ ਕਿ ਉਹ ਜਾ ਕੇ ਹਸਪਤਾਲ 'ਚ ਦਾਖਲ ਹੋ ਜਾਣ। ਉਹ ਉੱਥੇ ਆ ਰਹੇ ਹਨ। ਉਸ ਨੇ ਦੱਸਿਆ ਕਿ ਜਦੋਂ ਭੁਪਿੰਦਰ ਸਿੰਘ ਹਸਪਤਾਲ 'ਚ ਹਾਲਚਾਲ ਪੁੱਛਣ ਗਿਆ ਤਾਂ ਉਥੇ ਪਤਾ ਚੱਲਿਆ ਕਿ ਸ਼ਵਿੰਦਰ ਕੁਮਾਰ ਦੀ ਮੌਤ ਹੋ ਚੁੱਕੀ ਹੈ। ਪੁਲਸ ਵਲੋਂ ਭੁਪਿੰਦਰ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਮੁਲਜ਼ਮ ਸਕੇ ਭਰਾਵਾਂ ਵਿਜੇ ਕੁਮਾਰ ਅਤੇ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਪੈਸਿਆਂ ਦਾ ਲੈਣ ਦੇਣ ਬਣਿਆ ਕਤਲ ਦਾ ਕਾਰਣ :
ਕਥਿਤ ਮੁਲਜ਼ਮ ਵਿਜੇ ਕੁਮਾਰ ਅਤੇ ਅਜੇ ਕੁਮਾਰ ਮ੍ਰਿਤਕ ਸ਼ਵਿੰਦਰ ਕੁਮਾਰ ਦੇ ਨਾਲ ਹੀ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ ਤੇ ਸਵੇਰੇ ਕਰੀਬ ਸਾਢੇ 7 ਵਜੇ ਤਿੰਨਾਂ ਦੀ ਆਪਸ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਖੂਬ ਤਕਰਾਰ ਹੋਈ ਅਤੇ ਫਿਰ ਇਹ ਤਕਰਾਰ ਖੂਨੀ ਜੰਗ 'ਚ ਬਦਲ ਗਈ ਅਤੇ ਕਮਰੇ 'ਚ ਪਈ ਕੁਹਾੜੀ ਦੇ ਵਾਰ ਅਤੇ ਗਲਾ ਦਬਾਉਣ ਨਾਲ ਸ਼ਵਿੰਦਰ ਦੀ ਮੌਤ ਹੋ ਗਈ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਵਿੰਦਰ ਕੁਮਾਰ ਛੋਲੇ-ਕੁਲਚੇ ਵੇਚਣ ਦਾ ਕੰਮ ਕਰਦਾ ਸੀ। ਦੋਵੇਂ ਕਥਿਤ ਮੁਲਜ਼ਮ ਭਰਾਵਾਂ 'ਚੋਂ ਇਕ ਭਰਾ ਅਜੇ ਕੁਮਾਰ ਮ੍ਰਿਤਕ ਸ਼ਵਿੰਦਰ ਕੁਮਾਰ ਦੇ ਨਾਲ ਰੇਹੜੀ 'ਤੇ ਹੀ ਕੰਮ ਕਰਦਾ ਸੀ, ਜਦੋਂ ਕਿ ਦੂਸਰਾ ਭਰਾ ਵਿਜੇ ਕੁਮਾਰ ਭੁਪਿੰਦਰ ਸਿੰਘ ਦੀ ਦੁਕਾਨ 'ਤੇ ਨੌਕਰੀ ਕਰਦਾ ਸੀ।
ਕਥਿਤ ਮੁਲਜ਼ਮਾਂ ਨੇ ਕੀਤੀ ਨਾਟਕਮਈ ਤਰੀਕੇ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼
ਇੱਥੇ ਇਹ ਵੀ ਦੱਸਣਯੋਗ ਹੈ ਕਿ ਕਥਿਤ ਮੁਲਜ਼ਮ ਭਰਾ ਪੁਲਸ ਨੂੰ ਗੁੰਮਰਾਹ ਕਰਨ ਦੀ ਨੀਅਤ ਨਾਲ ਕਤਲ ਕਰਨ ਤੋਂ ਬਾਅਦ ਖੁਦ ਹੀ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਹੋ ਗਏ ਅਤੇ ਅਣਪਛਾਤੇ ਲੋਕਾਂ ਵਲੋਂ ਲੁੱਟ ਕਰਨ ਦੀ ਨੀਅਤ ਨਾਲ ਹਮਲਾ ਕੀਤੇ ਜਾਣ ਦੀ ਗੱਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕਰਦਿਆਂ ਆਖਣ ਲੱਗੇ ਕਿ ਉਨ੍ਹਾਂ 'ਤੇ ਕਿਸੇ ਅਣਪਛਾਤੇ ਲੋਕਾਂ ਵਲੋਂ ਹਮਲਾ ਕੀਤਾ ਗਿਆ ਹੈ ਪਰ ਜਦੋਂ ਜ਼ਿਲਾ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਆਪਣੀ ਸੂਝ-ਬੂਝ ਦਾ ਸਬੂਤ ਦਿੰਦਿਆਂ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਕਥਿਤ ਮੁਲਜ਼ਮ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤੀ ਨਾਲ ਜਾਂਚ ਕੀਤੀ ਗਈ ਤਾਂ ਦੋਵੇਂ ਭਰਾਵਾਂ ਵਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ। ਜ਼ਿਲਾ ਪੁਲਸ ਵਲੋਂ ਸਿਰਫ਼ 24 ਘੰਟਿਆਂ ਅੰਦਰ ਹੀ ਕਤਲ ਦੀ ਗੁੱਥੀ ਸੁਲਝਾਏ ਜਾਣ ਦੇ ਮਾਮਲੇ 'ਚ ਖੂਬ ਵਾਹ-ਵਾਹੀ ਹੋ ਰਹੀ ਹੈ ਅਤੇ ਪੁਲਸ ਪ੍ਰਸ਼ਾਸਨ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਨੂੰ ਟੀਮ ਵਰਕ ਦੱਸ ਰਹੇ ਹਨ।
ਨੌਜਵਾਨ ਨੂੰ 'ਓ' ਦੀ ਥਾਂ ਦਿੱਤਾ 'ਬੀ' ਪਾਜ਼ੀਟਿਵ ਖੂਨ, ਹਾਲਤ ਵਿਗੜੀ
NEXT STORY