ਹਠੂਰ(ਭੱਟੀ)-ਪਿੰਡ ਦੇਹੜਕਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ 'ਚ ਵਰਤੀ ਜਾ ਰਹੀ ਦੇਰੀ ਕਾਰਨ ਮਾਮਲਾ ਕਾਫੀ ਭੱਖਦਾ ਜਾ ਰਿਹਾ ਹੈ, ਜਿਸ ਕਰਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਮੂਹ ਨਗਰ ਵਾਸੀਆਂ ਅਤੇ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਅੱਜ ਵਿਧਾਨ ਸਭਾ ਹਲਕਾ ਜਗਰਾਓਂ ਦੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਵਲੋਂ ਜਿਥੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ, ਉਥੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਵੀ ਅੱਗੇ ਆਏ। ਗੁਰਪ੍ਰੀਤ ਗੋਪੀ ਦੇ ਪਰਿਵਾਰਕ ਮੈਂਬਰਾਂ ਵਲੋਂ ਐੱਸ. ਆਰ. ਕਲੇਰ ਨੂੰ ਸਾਰੀ ਦਰਦ ਭਰੀ ਵਿਥਿਆ ਸੁਣਾਈ ਤਾਂ ਕਾਤਲਾਂ ਦੀ ਦਰਿੰਦਗੀ 'ਤੇ ਅਫਸੋਸ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਮੁਆਫ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਵਿਧਾਇਕ ਕਲੇਰ ਨੇ ਉਸੇ ਸਮੇਂ ਪੁਲਸ ਕਮਿਸ਼ਨਰ ਲੁਧਿਆਣਾ ਨਾਲ ਫੋਨ 'ਤੇ ਗੱਲ ਕਰਕੇ ਇਸ ਕਤਲ ਮਾਮਲੇ ਸੰਬੰਧੀ ਮਿਲਣ ਦਾ ਟਾਈਮ ਲਿਆ। ਵਿਧਾਇਕ ਕਲੇਰ ਆਪਣੇ ਨਾਲ ਪੀੜਤ ਪਰਿਵਾਰਕ ਮੈਂਬਰਾਂ ਤੇ ਮੋਹਤਬਰਾਂ ਅਤੇ ਜਥੇ. ਸੋਹਨ ਸਿੰਘ, ਨੰਬਰਦਾਰ ਜਸਵੀਰ ਸਿੰਘ, ਸਾਬਕਾ ਸਰਪੰਚ ਸਮੁੰਦਾ ਸਿੰਘ, ਪੰਚ ਅਵਤਾਰ ਸਿੰਘ ਅਤੇ ਪੰਚ ਨਿਰੋਤਮ ਸਿੰਘ ਨੂੰ ਨਾਲ ਲੈ ਕੇ ਪੁਲਸ ਕਮਿਸ਼ਨਰ ਆਰ. ਕੇ. ਢੋਕੇ ਨੂੰ ਮਿਲੇ।
ਪੁਲਸ ਕਮਿਸ਼ਨਰ ਢੋਕੇ ਨੇ ਪਰਿਵਾਰਕ ਮੈਂਬਰਾਂ ਵਲੋਂ ਸੋਹਨ ਸਿੰਘ ਤੋਂ ਸਾਰੀ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਨੇ ਪੀੜਤ ਪਰਿਵਾਰ ਅਤੇ ਨਗਰ ਵਾਸੀਆਂ ਦੀ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਮਾਮਲੇ ਦਾ ਕੇਸ ਲੁਧਿਆਣਾ ਥਾਣਾ ਡਵੀਜ਼ਨ ਨੰਬਰ 5 ਤੋਂ ਤਬਦੀਲ ਕਰਕੇ ਹਠੂਰ ਪੁਲਸ ਥਾਣੇ ਵਿਚ ਦਰਜ ਕੀਤਾ ਜਾਵੇ ਅਤੇ ਸਾਜ਼ਿਸ਼ 'ਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਆਰ. ਕੇ. ਢੋਕੇ ਪੁਲਸ ਕਮਿਸ਼ਨਰ ਲੁਧਿਆਣਾ ਨੇ ਤੁਰੰਤ ਹੀ ਹੇਠਲੇ ਪੁਲਸ ਅਧਿਕਾਰੀ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕੇਸ ਅੱਜ ਹੀ ਹਠੂਰ ਤਬਦੀਲ ਥਾਣੇ 'ਚ ਕੀਤਾ ਜਾਵੇਗਾ ਤੇ ਕਾਤਲਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਭਰੋਸੇਯੋਗ ਸੂਤਰਾਂ ਮੁਤਾਬਿਕ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਅਤੇ ਪਰਿਵਾਰਕ ਮੈਂਬਰਾਂ ਦੇ ਬਾਹਰ ਨਿਕਲਦਿਆਂ ਹੀ ਥਾਣਾ ਡਵੀਜ਼ਨ ਨੰਬਰ 5 ਦੇ ਐੱਸ. ਐੱਚ. ਓ. ਅਤੇ ਕੇਸ ਨਾਲ ਸਬੰਧਤ ਏ. ਐੱਸ. ਆਈ. ਨੂੰ ਤਲਬ ਕਰ ਲਿਆ ਸੀ ਅਤੇ ਉਹ ਅੰਦਰ ਜਾਂਦੇ ਦੇਖੇ ਗਏ। ਕਲੇਰ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਇਸ ਇਨਸਾਫ ਦੀ ਲੜਾਈ ਵਿਚ ਡਟ ਕੇ ਉਨ੍ਹਾਂ ਨਾਲ ਖੜ੍ਹਨਗੇ। ਇਸ ਮੌਕੇ ਮ੍ਰਿਤਕ ਦੇ ਪਿਤਾ ਜਸਵੀਰ ਸਿੰਘ, ਜੰਗੀਰ ਸਿੰਘ, ਭਾਈ ਪਿਆਰਾ ਸਿੰਘ ਦਿੱਲੀ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਜੱਥੇ. ਆਤਮਾ ਸਿੰਘ ਅਤੇ ਪਰਿਵਾਰਕ ਮੈਂਬਰਾਂ, ਪੰਚਾਇਤ, ਮੋਹਤਵਰ ਵਿਅਕਤੀਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੱਲ ਤਕ ਇਨਸਾਫ ਨਾ ਮਿਲਿਆ ਤਾਂ ਅਗਲੇ ਦਿਨਾਂ ਵਿਚ ਇਸ ਸਬੰਧੀ ਪੁਲਸ ਥਾਣਾ ਹਠੂਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਇਨਸਾਫ ਲੈਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਅਕਾਲੀ ਆਗੂਆਂ ਮੋਤੀ ਮਹਿਲ ਵੱਲ ਕੀਤਾ ਕੂਚ
NEXT STORY