ਮਾਲੇਰਕੋਟਲਾ(ਜ਼ਹੂਰ/ਸ਼ਹਾਬੂਦੀਨ)-ਐੱਸ. ਪੀ. ਰਾਜ ਕੁਮਾਰ ਨੇ ਆਪਣੇ ਦਫਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 28/29 ਮਾਰਚ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਿੰਡ ਆਹਨਖੇੜੀ (ਐਨ੍ਹੋ) ਵਿਖੇ ਮਦੇਵੀ ਰੋਡ 'ਤੇ ਬੋਰੀ ਟਾਟ 'ਚੋਂ ਮਿਲੀ ਸੀ, ਪੁਲਸ ਨੇ ਸਰਪੰਚ ਲਾਭ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਅਗਲੇ ਦਿਨ ਮ੍ਰਿਤਕ ਦੀ ਸ਼ਨਾਖਤ ਉਸ ਦੀ ਪਤਨੀ ਮਨਦੀਪ ਕੌਰ ਉਰਫ ਅਮਨ ਵਾਸੀ ਚਾਂਗਲੀ ਨੇ ਜਸਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਹਾਦਰ ਸਿੰਘ ਵਾਸੀ ਚਾਂਗਲੀ ਵਜੋਂ ਕੀਤੀ ਸੀ । ਰਾਜ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਡੀ. ਐੱਸ. ਪੀ. ਮਾਲੇਰਕੋਟਲਾ ਅਤੇ ਥਾਣਾ ਸੰਦੌੜ ਦੇ ਐੱਸ. ਐੱਚ. ਓ. ਦੇ ਆਧਾਰਿਤ ਜਾਂਚ ਕਮੇਟੀ ਬਣਾਈ ਸੀ, ਜਿਸ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦਿਆਂ ਪਤਾ ਲਾਇਆ ਕਿ ਮ੍ਰਿਤਕ ਦਾ ਕਤਲ ਉਸ ਦੀ ਪਤਨੀ ਤੇ ਉਸ ਦੇ ਪ੍ਰੇਮੀ ਮੁਹੰਮਦ ਸ਼ਹਿਬਾਜ਼ ਵਾਸੀ ਮਾਲੇਰਕੋਟਲਾ ਨੇ ਆਪਸੀ ਨਾਜਾਇਜ਼ ਸਬੰਧਾਂ ਕਾਰਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੇ ਜਸਵਿੰਦਰ ਸਿੰਘ ਉਰਫ ਬਿੰਦਰ ਨੂੰ ਆਪਣੇ ਰਾਹ ਦਾ ਰੋੜਾ ਸਮਝ ਕੇ ਹਟਾਉਣ ਦੇ ਮਕਸਦ ਨਾਲ ਉਸ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ । ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਜਸਵਿੰਦਰ ਸਿੰਘ ਉਰਫ ਬਿੰਦਰ ਦੀ ਮਾਤਾ ਸੁਰਜੀਤ ਕੌਰ ਜੋ ਕਿ ਨੌਸ਼ਹਿਰਾ ਮਾਲੇਰਕੋਟਲਾ ਵਿਖੇ ਰਹਿੰਦੀ ਹੈ, ਜਿਸ ਕੋਲ ਮੁਹੰਮਦ ਸ਼ਹਿਬਾਜ਼ ਦਾ ਅਕਸਰ ਆਉਣਾ-ਜਾਣਾ ਸੀ। ਕਰੀਬ ਸਵਾ ਮਹੀਨਾ ਪਹਿਲਾਂ ਮ੍ਰਿਤਕ ਦੀ ਪਤਨੀ ਮਨਦੀਪ ਕੌਰ ਉਰਫ ਅਮਨ ਨਾਲ ਨਾਜਾਇਜ਼ ਸਬੰਧ ਬਣ ਗਏ ਜਦ ਮਨਦੀਪ ਕੌਰ ਉਰਫ ਅਮਨ ਜਣੇਪੇ ਲਈ ਆਪਣੀ ਸੱਸ ਸੁਰਜੀਤ ਕੌਰ ਕੋਲ ਨੌਸ਼ਹਿਰਾ ਮਾਲੇਰਕੋਟਲਾ ਗਈ ਸੀ ਤਾਂ ਆਪਸ 'ਚ ਨਾਜਾਇਜ਼ ਸਬੰਧ ਹੋਣ ਕਰਕੇ ਮੁਹੰਮਦ ਸ਼ਹਿਬਾਜ਼ ਪਿੰਡ ਚਾਂਗਲੀ ਵਿਖੇ ਮਨਦੀਪ ਕੌਰ ਕੋਲ ਉਸ ਦੇ ਘਰ ਆਉਣ-ਜਾਣ ਲੱਗ ਪਿਆ। ਮਨਦੀਪ ਕੌਰ ਦਾ ਪਤੀ ਜਸਵਿੰਦਰ ਸਿੰਘ ਉਰਫ ਬਿੰਦਰ ਉਸ ਨਾਲ ਅਕਸਰ ਕੁੱਟ-ਮਾਰ ਕਰਦਾ ਰਹਿੰਦਾ ਸੀ, ਜਿਸ ਕਾਰਨ ਉਹ ਪਹਿਲਾਂ ਵੀ ਜਸਵਿੰਦਰ ਸਿੰਘ ਨੂੰ ਛੱਡ ਕੇ ਚਲੀ ਗਈ ਸੀ । ਦੋਵੇਂ ਇਹ ਚਾਹੁੰਦੇ ਸਨ ਕਿ ਜਸਵਿੰਦਰ ਸਿੰਘ ਨੂੰ ਕਿਸੇ ਤਰ੍ਹਾਂ ਪਰ੍ਹੇ ਕਰ ਦਿੱਤਾ ਜਾਵੇ। ਪਲਾਨਿੰਗ ਮੁਤਾਬਕ 28/29 ਮਾਰਚ ਨੂੰ ਮੁਹੰਮਦ ਸ਼ਹਿਬਾਜ਼ ਰਾਤ ਨੂੰ ਮ੍ਰਿਤਕ ਜਸਵਿੰਦਰ ਸਿੰਘ ਉਰਫ ਬਿੰਦਰ ਦੇ ਘਰ ਆਪਣੇ ਮੋਟਰਸਾਈਕਲ 'ਤੇ ਬੋਰੀ ਟਾਟ ਲੈ ਕੇ ਆ ਗਿਆ ਅਤੇ ਜਸਵਿੰਦਰ ਨੂੰ ਪਹਿਲਾਂ ਸ਼ਰਾਬ ਪਿਆ ਕੇ ਨਸ਼ੇ ਦੀ ਹਾਲਤ 'ਚ ਕਰ ਦਿੱਤਾ ਅਤੇ ਬਾਅਦ ਵਿਚ ਉਸ ਦੀਆਂ ਲੱਤਾਂ ਤੇ ਬਾਹਾਂ ਬੰਨ੍ਹ ਕੇ ਮੁਹੰਮਦ ਸ਼ਹਿਬਾਜ਼ ਤੇ ਮਨਦੀਪ ਕੌਰ ਵੱਲੋਂ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਮੁਹੰਮਦ ਸ਼ਹਿਬਾਜ਼ ਸਵੇਰੇ ਆਪਣੇ ਮੋਟਰਸਾਈਕਲ 'ਤੇ ਰੱਖ ਕੇ ਪਿੰਡ ਆਹਨਖੇੜੀ ਕੋਲ ਸੁੱਟ ਗਿਆ ਸੀ । ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ, ਰੱਸੀ, ਮ੍ਰਿਤਕ ਦਾ ਮੋਬਾਇਲ ਫੋਨ ਅਤੇ ਡਰਾਈਵਿੰਗ ਲਾਇਸੈਂਸ ਬਰਾਮਦ ਕਰ ਲਿਆ ।ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਅਗਲੀ ਪਲਾਨਿੰਗ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਦਾ ਕਤਲ ਕਰ ਕੇ ਉਸ ਨੂੰ ਰਾਹ 'ਚੋਂ ਹਟਾਉਣ ਦੀ ਸੀ, ਜੋ ਇਨ੍ਹਾਂ ਨੂੰ ਫੜੇ ਜਾਣ ਕਰਕੇ ਇਕ ਹੋਰ ਕਤਲ ਹੋਣ ਤੋਂ ਬਚ ਗਿਆ । ਇਸ ਮੌਕੇ ਡੀ. ਐੱਸ. ਪੀ. ਯੋਗੀਰਾਜ, ਇੰਸਪੈਕਟਰ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸੰਦੌੜ ਵੀ ਹਾਜ਼ਰ ਸਨ।
ਅਮਰਿੰਦਰ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਤੀਜੇ ਪੜਾਅ 'ਚ 200 ਕਰੋੜ ਦੀ ਰਾਹਤ ਦੇਣ ਦਾ ਫੈਸਲਾ
NEXT STORY