ਫਿਲੌਰ (ਭਾਖੜੀ)- 24 ਦਸੰਬਰ ਨੂੰ ਦੋ ਭਰਾਵਾਂ ਨਾਲ ਹੋਈ ਲੁੱਟ ਤੋਂ ਬਾਅਦ ਛੋਟੇ ਭਰਾ ਦੀ ਮੌਤ ਅਤੇ ਵੱਡੇ ਭਰਾ ਦੇੇ ਗੰਭੀਰ ਜ਼ਖਮੀ ਹੋਣ ਦੇ ਮਾਮਲੇ ਵਿਚ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿਚ ਸਬਜ਼ੀ ਵਿਚ ਨਮਕ ਘੱਟ ਹੋਣ ਕਾਰਨ ਵੱਡੇ ਭਰਾ ਨੇ ਛੋਟੇ ਵਪਾਰੀ ਭਰਾ ਨੂੰ ਚਾਕੂਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਬਾਅਦ ਵਿਚ ਡਰਾਮਾ ਰਚਿਆ ਸੀ। ਇਥੇ ਹੀ ਬਸ ਨਹੀਂ ਭਰਾ ਦਾ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਖੁਦ ਉਕਤ ਨੇ ਵਿਆਹ ਰਚਾ ਲਿਆ। ਪਰਿਵਾਰ ਵਾਲੇ ਵੀ ਕਾਤਲ ਮੁੰਡੇ ਨੂੰ ਬਚਾਉਣ ਲਈ ਉਸ ਦੇ ਸਾਥ ਦੇਣ ਲੱਗ ਪਏ।
ਇਹ ਵੀ ਪੜ੍ਹੋ : ਪੱਟੀ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, ਇਕ ਦੀ ਮੌਤ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ
ਬੀਤੇ ਸਾਲ 24 ਦਸੰਬਰ ਨੂੰ ਸਥਾਨਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਹੌਜ਼ਰੀ ਕਾਰੋਬਾਰੀ ਭਰਾ ਜਿੰਮੀ ਅਰੋੜਾ ਉਰਫ ਜੈਕੀ (31) ਅਤੇ ਉਸ ਦਾ ਛੋਟਾ ਭਰਾ ਲੱਕੀ ਅਰੋੜਾ (29) ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਸੇਖਾਂ ਲੁਧਿਆਣਾ ਤੋਂ ਆਪਣੀ ਹੌਜ਼ਰੀ ਦੀ ਦੁਕਾਨ ਬੰਦ ਕਰਕੇ ਰਾਤ 10 ਵਜੇ ਜਿਉਂ ਹੀ ਫਿਲੌਰ ਦੇ ਨੂਰਮਹਿਲ ਰੋਡ ’ਤੇ ਪੁੱਜੇ ਤਾਂ ਚਾਰ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਉਨ੍ਹਾਂ ’ਤੇ ਧਾਵਾ ਬੋਲ ਦਿੱਤਾ। ਜਿਸ ਵਿਚ ਜੈਕੀ ਦੇ ਸਿਰ ’ਤੇ ਸੱਟ ਲੱਗੀ, ਜਦੋਂਕਿ ਲੱਕੀ ਦੇ ਪੇਟ ਅਤੇ ਦਿਲ ਵਿਚ ਦੋ ਚਾਕੂ ਲੱਗੇ, ਜਿਸ ਤੋਂ ਬਾਅਦ ਲੱਕੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਦੋਸਤ ਨਾਲ ਮਿਲ ਕੇ ਦੋਹਤੇ ਨੇ ਕਤਲ ਕੀਤੀ ਨਾਨੀ
ਫੋਨ ਲੋਕੇਸ਼ਨ ਨਾਲ ਹਟਿਆ ਘਟਨਾ ਤੋਂ ਪਰਦਾ
ਵਪਾਰੀ ਭਰਾਵਾਂ ’ਤੇ ਹੋਏ ਹਮਲੇ ਵਿਚ ਇਕ ਭਰਾ ਦੀ ਮੌਤ ਤੋਂ ਬਾਅਦ ਸਥਾਨਕ ਪੁਲਸ ਦੀ ਕਾਫੀ ਕਿਰਕਿਰੀ ਹੋਈ। ਥਾਣਾ ਮੁਖੀ ਸੰਜੀਵ ਕਪੂਰ ਨੇ ਜਦੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਤਾਂ ਪੁਲਸ ਨੂੰ ਉਥੇ ਨਾ ਤਾਂ ਕੋਈ ਖੂਨ ਦੇ ਨਿਸ਼ਾਨ ਮਿਲੇ ਅਤੇ ਨਾ ਹੀ ਕੋਈ ਆਸ-ਪਾਸ ਦੇ ਲੋਕ ਉਥੇ ਅਜਿਹੀ ਘਟਨਾ ਦੀ ਗਵਾਹੀ ਭਰ ਰਹੇ ਸਨ। ਜਿਸ ’ਤੇ ਉਨ੍ਹਾਂ ਨੇ ਜਦੋਂ ਦੋਵੇਂ ਭਰਾਵਾਂ ਦੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਉਹ ਘਰ ਦੀ ਆ ਰਹੀ ਸੀ, ਜਦੋਂਕਿ ਜ਼ਖਮੀ ਵੱਡਾ ਭਰਾ ਜੈਕੀ ਪੁਲਸ ਨੂੰ ਆਪਣੇ ਬਿਆਨ ਵਿਚ ਦੱਸ ਰਿਹਾ ਸੀ ਕਿ ਉਹ ਦੋਵੇਂ ਭਰਾ ਘਟਨਾ ਦੇ ਸਮੇਂ ਦੁਕਾਨ ਬੰਦ ਕਰਕੇ ਆ ਰਹੇ ਸਨ, ਜਿਸ ਤੋਂ ਬਾਅਦ ਪੁਲਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਇੰਨਾ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਵੀ ਪਰਿਵਾਰ ਦਾ ਇਕ ਵੀ ਮੈਂਬਰ ਪੁਲਸ ਦੇ ਅੱਗੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੋ ਰਿਹਾ ਸੀ, ਸਗੋਂ ਉਲਟਾ ਕਾਤਲ ਦਾ ਸਾਥ ਦੇ ਕੇ ਘਟਨਾ ’ਤੇ ਪਰਦਾ ਪਾ ਕੇ ਮ੍ਰਿਤਕ ਮੁੰਡੇ ਦਾ ਸਸਕਾਰ ਕਰਕੇ ਆਮ ਵਰਗੀ ਜ਼ਿੰਦਗੀ ਜਿਊਣ ਲੱਗ ਪਏ ਜਦੋਂਕਿ ਪੁਲਸ ਆਪਣੇ ਕੰਮ ’ਤੇ ਲੱਗੀ ਰਹੀ।
ਇਹ ਵੀ ਪੜ੍ਹੋ : ਠੰਡ ਤੋਂ ਬਚਾਅ ਲਈ ਬਾਲ਼ੀ ਅੰਗੀਠੀ ਬਣੀ ਕਾਲ, 4 ਸਾਲ ਦੇ ਪੁੱਤ ਸਣੇ ਮਾਂ ਦੀ ਮੌਤ
ਮਾਮੂਲੀ ਜਿਹੀ ਤਕਰਾਰ ’ਚ ਭਰਾ ਨੂੰ ਉਤਾਰ ਦਿੱਤਾ ਮੌਤ ਦੇ ਘਾਟ
ਪੁਲਸ ਨੂੰ ਜਦੋਂ ਇਸ ਗੱਲ ਦੇ ਪੁਖਤਾ ਸਬੂਤ ਮਿਲ ਗਏ ਕਿ ਵੱਡੇ ਭਰਾ ਜੈਕੀ ਨੇ ਹੀ ਆਪਣੇ ਛੋਟੇ ਭਰਾ ਲੱਕੀ ਦਾ ਕਤਲ ਕੀਤਾ ਹੈ ਤਾਂ ਡੀ. ਐੱਸ. ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਅੱਜ ਜਿਉਂ ਹੀ ਉਨ੍ਹਾਂ ਦੀ ਪੁਲਸ ਪਾਰਟੀ ਨੇ ਜੈਕੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਦੱਸਿਆ ਕਿ ਘਟਨਾ ਤੋਂ ਦਿਨ ਸ਼ਾਮ ਨੂੰ ਦੋਵੇਂ ਭਰਾਵਾਂ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਦੀ ਮਾਤਾ ਵਿਦੇਸ਼ ਗਈ ਹੋਈ ਹੈ। ਪਿੱਛੋਂ ਘਰ ਵਿਚ ਉਹ ਦੋਵੇਂ ਭਰਾ ਅਤੇ ਉਨ੍ਹਾਂ ਦੇ ਪਿਤਾ ਰਹਿੰਦੇ ਹਨ। ਉਹ ਰੋਜ਼ਾਨਾ ਹੋਟਲ ਤੋਂ ਖਾਣਾ ਮੰਗਵਾ ਕੇ ਜਾਂ ਫਿਰ ਖੁਦ ਘਰ ਵਿਚ ਥੋੜ੍ਹਾ ਬਹੁਤ ਬਣਾ ਲੈਂਦੇ। ਘਟਨਾ ਦੇ ਦਿਨ ਛੋਟੇ ਭਰਾ ਲੱਕੀ ਨੇ ਜੋ ਖਾਣਾ ਬਣਾਇਆ, ਉਸ ਵਿਚ ਲੂਣ ਘੱਟ ਸੀ ਜਿਸ ਕਾਰਨ ਦੋਵੇਂ ਭਰਾਵਾਂ ਵਿਚ ਤਕਰਾਰ ਹੋ ਗਈ। ਛੋਟੇ ਭਰਾ ਲੱਕੀ ਨੇ ਉਸ ਦੇ ਸਿਰ ’ਤੇ ਤਵਾ ਦੇ ਮਾਰਿਆ, ਜਿਸ ਨਾਲ ਉਸ ਦਾ ਸਿਰ ਪਾਟ ਗਿਆ ਅਤੇ ਗੁੱਸੇ ਵਿਚ ਆ ਕੇ ਉਸ ਨੇ ਲੱਕੀ ਦੇ ਪੇਟ ਅਤੇ ਦਿਲ ਵਿਚ ਦੋ ਚਾਕੂ ਮਾਰ ਦਿੱਤੇ। ਦਿਲ ਵਿਚ ਚਾਕੂ ਲੱਗਣ ਕਾਰਨ ਉਸ ਦੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਤੋਂ ਬਚਣ ਲਈ ਉਸ ਨੇ ਲੁੱਟ ਦਾ ਨਕਲੀ ਡਰਾਮਾ ਰਚ ਦਿੱਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਜੈਕੀ ਕੋਲੋਂ ਉਹ ਚਾਕੂ ਵੀ ਬਰਾਮਦ ਕਰ ਲਿਆ, ਜਿਸ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਭਰਾ ਦਾ ਕਿਰਿਆਕ੍ਰਮ ਕਰਕੇ ਕਾਤਲ ਨੇ ਰਚਾ ਲਿਆ ਵਿਆਹ
ਪੂਰੇ ਸ਼ਹਿਰ ਨੂੰ ਪਤਾ ਲੱਗ ਚੁੱਕਾ ਸੀ ਕਿ ਉਕਤ ਭਰਾਵਾਂ ਦੇ ਨਾਲ ਲੁੱਟ ਵਰਗੀ ਕੋਈ ਘਟਨਾ ਨਹੀਂ ਵਾਪਰੀ, ਸਗੋਂ ਜੈਕੀ ਨੇ ਹੀ ਆਪਣੇ ਭਰਾ ਦਾ ਕਤਲ ਕੀਤਾ ਹੈ। ਕਾਤਲ ਨੂੰ ਆਪਣੇ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰਨ ਦਾ ਰੱਤੀ ਭਰ ਵੀ ਅਫਸੋਸ ਨਹੀਂ ਸੀ। ਇਹੀ ਨਹੀਂ, ਖੁਦ ਵਿਆਹ ਦੀਆਂ ਤਿਆਰੀਆਂ ਵਿਚ ਜੁਟ ਗਿਆ ਅਤੇ ਭੋਗ ਦੇ ਕੁਝ ਦਿਨਾਂ ਬਾਅਦ ਹੀ ਆਪਣਾ ਵਿਆਹ ਰਚਾ ਕੇ ਦੁਲਹਣ ਨੂੰ ਘਰ ਲੈ ਆਇਆ, ਜਿਸ ਨੂੰ ਅੱਜ ਪੁਲਸ ਨੇ ਆਪਣੇ ਛੋਟੇ ਭਰਾ ਦੇ ਕਤਲ ਦੇ ਦੋਸ਼ ਵਿਚ ਸਲਾਖਾਂ ਪਿੱਛੇ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵਿਦੇਸ਼ੀ ਹਥਿਆਰਾਂ ਸਣੇ 5 ਗੈਂਗਸਟਰ ਗ੍ਰਿਫ਼ਤਾਰ
ਵਿਦੇਸ਼ ’ਚ ਰਹਿਣ ਤੋਂ ਬਾਅਦ ਵੀ ਨਹੀਂ ਸੁਧਰਿਆ ਕਾਤਲ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿੰਮੀ ਅਰੋੜਾ ਉਰਫ ਜੈਕੀ ਸ਼ੁਰੂ ਤੋਂ ਹੀ ਨਸ਼ੇ ਦਾ ਆਦੀ ਸੀ। ਬੁਰੀ ਸੰਗਤ ਵਿਚ ਪੈ ਕੇ ਆਏ ਦਿਨ ਝਗੜਾ ਕਰਦਾ ਸੀ ਜਿਸ ਕਾਰਨ ਪਰਿਵਾਰ ਦੇ ਮੈਂਬਰ ਉਸ ਤੋਂ ਪ੍ਰੇਸ਼ਾਨ ਰਹਿੰਦੇ ਸਨ। ਜੈਕੀ ਦੀ ਨਸ਼ੇ ਦੀ ਲਤ ਛੁਡਾਉਣ ਲਈ ਪਰਿਵਾਰ ਨੇ ਉਸ ਨੂੰ ਲੰਡਨ ਭੇਜ ਦਿੱਤਾ। ਉਸ ਨੇ ਆਪਣੀਆਂ ਬੁਰੀਆਂ ਆਦਤਾਂ ਉਥੇ ਵੀ ਜਾਰੀ ਰੱਖੀਆਂ। ਛੋਟਾ ਭਰਾ ਮ੍ਰਿਤਕ ਲੱਕੀ ਪਰਿਵਾਰ ਦਾ ਹੋਣਹਾਰ ਲੜਕਾ ਸੀ। ਉਹ ਵੀ ਵਿਦੇਸ਼ ਤੋਂ ਮੁੜਿਆ ਸੀ ਅਤੇ ਉਸ ਨੇ ਵਾਪਸ ਆ ਕੇ ਲੁਧਿਆਣਾ ਵਿਚ ਹੌਜ਼ਰੀ ਦਾ ਚੰਗਾ ਬਿਜ਼ਨੈੱਸ ਸ਼ੁਰੂ ਕੀਤਾ ਹੋਇਆ ਸੀ, ਜਿਸ ਵਿਚ ਜੈਕੀ ਵੀ ਉਸ ਦੇ ਨਾਲ ਹੀ ਜਾਂਦਾ ਸੀ। ਜੈਕੀ ਦੀ ਮਾਤਾ ਵੀ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ਅਮਰੀਕਾ ਵਿਚ ਰਹਿ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ ਏ. ਐੱਸ. ਆਈ., ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ’ਚ ਕੱਢਿਆ ਵਿਸ਼ਾਲ ਨਗਰ ਕੀਰਤਨ (ਤਸਵੀਰਾਂ)
NEXT STORY