ਦਸੂਹਾ (ਝਾਵਰ)— 8 ਅਗਸਤ ਨੂੰ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ਨੂੰ ਦਸੂਹਾ ਦੀ ਪੁਲਸ ਨੇ ਹੁਣ ਸੁਲਝਾ ਲਿਆ ਹੈ। ਇਸ ਕਤਲ ਕੇਸ 'ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦਰਅਸਲ ਐੱਸ. ਐੱਸ. ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਅਤੇ ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਦਸੂਹਾ ਅਨਿਲ ਭਨੋਟ ਦੀਆਂ ਹਦਾਇਤਾਂ 'ਤੇ ਥਾਣਾ ਦਸੂਹਾ ਦੀ ਪੁਲਸ ਵੱਲੋਂ ਕਾਫੀ ਮਿਹਨਤ ਤੋਂ ਬਾਅਦ ਕੀਤੀ ਗਈ ਜਾਂਚ ਦੇ ਆਧਾਰ 'ਤੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਥਾਣਾ ਦਸੂਹਾ ਵਿਖੇ 9 ਅਗਸਤ ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਕਤਲ ਕੇਸ ਸਬੰਧੀ ਬੂਟਾ ਸਿੰਘ ਪੁੱਤਰ ਰਾਮਜੀ ਦਾਸ ਵਾਸੀ ਰਾਘੋਵਾਲ ਨੇ ਬਿਆਨ ਦਰਜ ਕਰਵਾਏ ਸੀ ਕਿ ਉਸ ਦਾ ਛੋਟਾ ਭਰਾ ਅੰਗਰੇਜ਼ ਸਿੰਘ ਉਰਫ ਗੇਜੂ, ਜੋ ਕਿ ਰਾਘੋਵਾਲ ਦਾ ਮੌਜੂਦਾ ਪੰਚ ਵੀ ਸੀ, ਨੇ ਤਿਹਾੜਾ ਪਿੰਡ ਵਿਖੇ ਆਰਾ ਵੀ ਲਾਇਆ ਸੀ। ਉਹ 8 ਅਗਸਤ ਨੂੰ ਸ਼ਾਮ ਤਕਰੀਬਨ 7.45 'ਤੇ ਆਪਣੀ ਕਾਰ ਪੀ. ਬੀ. 08 ਬੀ. ਯੂ.7355 ਆਲਟੋ 'ਤੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਤਿਹਾੜਾ ਨਜ਼ਦੀਕ ਪੰਧੇਰ ਭੱਠੇ ਦੇ ਕੋਲ ਪਹੁੰਚਿਆ ਤਾਂ ਉਸ ਸਮੇਂ ਅਣਪਛਾਤੇ ਵਿਅਕਤੀਆਂ ਨੇ, ਜੋ ਚਿੱਟੇ ਰੰਗ ਦੀ ਕਾਰ 'ਚ ਸਨ, ਨੇ ਉਸ ਦੇ ਭਰਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਮੁਕੱਦਮਾ ਦਰਜ ਕਰਕੇ ਜਾਂਚ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਨੂੰ ਸੌਂਪੀ ਗਈ। ਜਾਂਚ ਦੌਰਾਨ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਅਮਰਜੀਤ ਸਿੰਘ ਅਤੇ ਵਰਿੰਦਰਪਾਲ ਸਿੰਘ ਉਰਫ ਬਿੰਦੂ ਪੁੱਤਰ ਅਮਰਜੀਤ ਸਿੰਘ ਵਾਸੀ ਰਾਏਚੱਕ ਨੂੰ ਇਸ ਕਤਲ ਦੇ ਸਬੰਧ 'ਚ 19 ਅਗਸਤ ਨੂੰ ਦੇਰ ਰਾਤ ਗ੍ਰਿਫ਼ਤਾਰ ਕਰਕੇ ਇਸ ਅੰਨ੍ਹੇ ਕਤਲ ਨੂੰ ਸੁਲਝਾ ਲਿਆ ਗਿਆ।
ਪੁਲਸ ਅਧਿਕਾਰੀਆਂ ਅਨੁਸਾਰ ਦੋਹਾਂ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਅੰਗਰੇਜ਼ ਸਿੰਘ ਉਰਫ ਗੇਜੂ ਨਾਲ ਪੁਰਾਣੀ ਰੰਜ਼ਿਸ਼ ਸੀ ਅਤੇ ਇਕ ਦੂਜੇ ਖ਼ਿਲਾਫ਼ ਪਹਿਲਾਂ ਵੀ ਦੋਹਾਂ ਧਿਰਾਂ 'ਚ ਲੜਾਈ-ਝਗੜੇ ਦੇ ਕੇਸ ਚੱਲ ਰਹੇ ਸਨ। ਇਨ੍ਹਾਂ ਫੜੇ ਗਏ ਦੋਹਾਂ ਦੋਸ਼ੀਆਂ ਨੂੰ ਦਸੂਹਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਜੱਜ ਨੇ 4 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ।
ਪੰਜਾਬ 'ਚ ਫ਼ਿਲਮ 'ਡੌਲੀ ਕੀ ਡੋਲੀ' ਜਿਹੇ ਗਿਰੋਹ ਦਾ ਪਰਦਾਫਾਸ਼, 'ਲੁਟੇਰੀ ਦੁਲਹਨ' ਦਾ ਕਾਰਾ ਹੈਰਾਨ ਕਰ ਦੇਵੇਗਾ
NEXT STORY