ਮਾਲੇਰਕੋਟਲਾ (ਭੁਪੇਸ਼, ਜ਼ਹੂਰ, ਅਖਿਲੇਸ਼, ਸਵਾਤੀ)– ਸੀਨੀਅਰ ਕਪਤਾਨ ਪੁਲਸ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਵਿਚ ਜ਼ਿਲ੍ਹਾ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਦੀਪਿੰਦਰਪਾਲ ਸਿੰਘ (ਉਪ ਕਪਤਾਨ ਇਨਵੈਸਟੀਗੇਸ਼ਨ) ਅਤੇ ਸੁਖਦੇਵ ਸਿੰਘ (ਉਪ ਕਪਤਾਨ ਪੁਲਸ ਸਬ ਡਵੀਜ਼ਨ ਅਹਿਮਦਗੜ੍ਹ) ਦੀ ਨਿਗਰਾਨੀ ਹੇਠ, ਇੰਸਪੈਕਟਰ ਗੁਰਪ੍ਰੀਤ ਕੌਰ ਨੇ ਕਤਲ ਦਾ ਮਾਮਲਾ ਹੱਲ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸੁਖਜੀਤ ਕੌਰ ਪਤਨੀ ਸੁਰਜੀਤ ਸਿੰਘ (ਵਾਸੀ ਸਰੌਦ) ਨੇ ਪੁਲਸ ਕੋਲ ਆਪਣੇ ਪਤੀ ਦੇ ਲਾਪਤਾ ਹੋਣ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਥਾਣਾ ਸਦਰ ਅਹਿਮਦਗੜ੍ਹ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਪਰਮਜੀਤ ਕੌਰ ਤੇ ਹਰਪ੍ਰੀਤ ਸਿੰਘ (ਵਾਸੀ ਸਰੌਦ) ਨੂੰ ਪੁੱਛਗਿੱਛ ਲਈ ਸ਼ਾਮਲ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਸੁਰਜੀਤ ਸਿੰਘ ਦੇ ਪਰਮਜੀਤ ਕੌਰ ਨਾਲ ਸਬੰਧ ਸਨ। ਜਦੋਂ ਸੁਰਜੀਤ ਸਿੰਘ ਉਸ ਨੂੰ ਮਿਲਣ ਘਰ ਗਿਆ, ਤਾਂ ਪਰਮਜੀਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਇਕੱਠੇ ਦੇਖ ਲਿਆ।
ਗੁੱਸੇ ’ਚ ਆ ਕੇ ਹਰਪ੍ਰੀਤ ਸਿੰਘ ਨੇ ਆਪਣੀ ਪਤਨੀ ਦੀ ਮਦਦ ਨਾਲ ਸੁਰਜੀਤ ਸਿੰਘ ਦੇ ਸਿਰ ’ਚ ਲੋਹੇ ਦੀ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਇਕ ਬੋਰੀ ’ਚ ਪਾ ਕੇ ਸਕੂਟਰ ਰਾਹੀਂ ਪਿੰਡ ਮੰਡਿਆਲਾ ਤੋਂ ਰਾਣਵਾਂ ਨੂੰ ਜਾਣ ਵਾਲੀ ਸੜਕ ਨੇੜੇ ਡਰੇਨ ਪੁਲ ਕੋਲ ਸੁੱਟ ਦਿੱਤਾ। ਪੁਲਸ ਨੇ ਮਾਮਲੇ ’ਚ ਧਾਰਾਵਾਂ ਦਾ ਵਾਧਾ ਕਰਦਿਆਂ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਹਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਕਤਲ ਲਈ ਵਰਤੀ ਗਈ ਲੋਹੇ ਦੀ ਰਾੜ, ਸਕੂਟਰ ਅਤੇ ਮ੍ਰਿਤਕ ਦਾ ਟੁੱਟਿਆ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਗਿਆ ਹੈ। ਅਦਾਲਤ ਵੱਲੋਂ ਦੋਸ਼ੀਆਂ ਦਾ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਲੁਧਿਆਣਾ ਪੁਲਸ ਕਮਿਸ਼ਨਰ ਦਫ਼ਤਰ ਬਾਹਰ ਜ਼ਬਰਦਸਤ ਹੰਗਾਮਾ: ਇਨਸਾਫ਼ ਲਈ 3 ਪਰਿਵਾਰਾਂ ਨੇ ਲਾਇਆ ਧਰਨਾ
NEXT STORY