ਅੰਮ੍ਰਿਤਸਰ (ਜ.ਬ) : ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਬੀਰ ਸਿੰਘ ਜ਼ੀਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਹੋਣ ਲਈ ਇਕ ਮੌਕਾ ਹੋਰ ਦਿੰਦਿਆਂ ਅਗਲੀ ਤਾਰੀਖ਼ 11 ਅਗਸਤ 2021 ਐਲਾਨੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਪੰਜੇ ਵਿਅਕਤੀ 11 ਅਗਸਤ ਨੂੰ ਹਾਜ਼ਰ ਨਾ ਹੋਏ ਤਾਂ ਪੰਜ ਸਿੰਘ ਸਾਹਿਬਾਨ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਰਯਾਦਾ ਦੀ ਉਲੰਘਣਾ ਦਾ ਮਾਮਲਾ: ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਦਿੱਤੇ ਅਸਤੀਫ਼ੇ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਉਕਤ ਮੰਤਰੀਆਂ ਤੇ ਵਿਧਾਇਕਾਂ ਨੂੰ ਬਰਗਾੜੀ ਵਿਖੇ ਲਗਾਏ ਮੋਰਚੇ ਨੂੰ ਚੁਕਵਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਧਰਨੇ ’ਤੇ ਬੈਠੇ ਸ਼ਾਂਤਮਈ ਸਿੰਘਾਂ ’ਤੇ ਗੋਲੀ ਚਲਵਾ ਕੇ ਸ਼ਹੀਦ ਕਰਨ ਵਾਲੇ ਦੋਸ਼ੀਆਂ ਲਈ ਇਨਸਾਫ਼ ਦਿਵਾਉਣ ਲਈ ਝੂਠਾ ਵਾਅਦਾ ਕਰਨ ਲਈ 2 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਸੀ ਪਰ ਉਕਤ ਦੋਵੇਂ ਮੰਤਰੀ ਤੇ ਤਿੰਨੋਂ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਨਹੀਂ ਪਹੁੰਚੇ ਜਦੋਂਕਿ ਜਥੇਦਾਰ ਧਿਆਨ ਸਿੰਘ ਮੰਡ ਤੇ ਉਨ੍ਹਾਂ ਨਾਲ ਬਾਬਾ ਹਰਬੰਸ ਸਿੰਘ ਜੋਧਪੁਰ, ਬਾਬਾ ਹਿੰਮਤ ਸਿੰਘ, ਬਾਬਾ ਨਛੱਤਰ ਸਿੰਘ ਭੈਣੀ ਤੇ ਬਾਬਾ ਗੁਰਸੇਵਕ ਸਿੰਘ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਉਡੀਕਦੇ ਰਹੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਪ੍ਰਧਾਨਗੀ ਦੇ ਨਸ਼ੇ ਵਿੱਚ ਗੁਰ-ਅਸਥਾਨਾਂ ਦੀ ਮਰਿਯਾਦਾ ਨਾ ਭੁੱਲਣ: ਬੀਬੀ ਜਗੀਰ ਕੌਰ
ਉਨ੍ਹਾਂ ਆਪਣੇ ਵੱਲੋਂ ਕੀਤੇ ਸੰਦੇਸ਼ ਵਿਚ ਦੋਵੇਂ ਮੰਤਰੀਆਂ ਤੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਆਪ ਸਭ ਨੂੰ ਅੱਜ 2 ਅਗਸਤ 2021 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ ਪਰ ਆਪ ਨੇ ਇਸਦੀ ਬੇਪ੍ਰਵਾਹੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣਾ ਜ਼ਰੂਰੀ ਨਹੀਂ ਸਮਝਿਆ, ਇਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਤੁਹਾਡੇ ਮਨ ਅੰਦਰ ਗੁਰੂ ਦਾ ਭੈਅ ਤੇ ਸਤਿਕਾਰ ਨਹੀਂ ਹੈ। ਇਸ ਕਰ ਕੇ ਤੁਸੀਂ ਪਹਿਲਾਂ ਕੀਤੀ ਵਾਅਦਾ ਖ਼ਿਲਾਫ਼ੀ ਨੂੰ ਕਬੂਲ ਵੀ ਕਰ ਰਹੇ ਹੋ ਤੇ ਸਰਕਾਰੀ ਤਾਕਤ ਦੇ ਨਸ਼ੇ ਵਿਚ ਪੰਥਕ ਪਰੰਪਰਾਵਾਂ ਦੀ ਉਲੰਘਣਾ ਕਰਨ ਦਾ ਗੁਨਾਹ ਵੀ ਕਰ ਰਹੇ ਹੋ। ਪਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਦੁਨਿਆਵੀ ਅਦਾਲਤ ਨਹੀਂ ਅਤੇ ਹਰ ਸਿੱਖ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਗੁਰੂ ਦੀ ਸ਼ਰਨ ਆਵੇ। ਇਸ ਲਈ ਆਪ ਸਾਰਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜ ਕੇ ਸਪੱਸ਼ਟੀਕਰਨ ਦੇਣ ਲਈ ਇਕ ਹੋਰ ਮੌਕਾ ਦਿੱਤਾ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਬਰਾਮਦ
NEXT STORY