ਲੁਧਿਆਣਾ (ਪਰਮਿੰਦਰ)-ਪੰਜਾਬ 'ਚ ਨੇਤਰਹੀਣਾਂ ਦੀ ਸਹੂਲਤ ਲਈ ਨੇਤਰਹੀਣ ਮਾਸਟਰ ਰਮਨਦੀਪ ਗੋਇਲ ਸੰਗਰੂਰ ਵਲੋਂ ਤਿਆਰ ਕੀਤੀ ਵੈੱਬਸਾਈਟ ਅੱਜ ਨੈਸ਼ਨਲ ਫੈੱਡਰੇਸ਼ਨ ਆਫ ਦਾ ਬਲਾਈਂਡ (ਐੱਨ. ਐੱਫ. ਬੀ.) ਨਵੀਂ ਦਿੱਲੀ ਦੀ ਪੰਜਾਬ ਬ੍ਰਾਂਚ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਚਾਹਲ, ਪ੍ਰਧਾਨ ਵਿਵੇਕ ਮੌਂਗਾ ਤੇ ਜਨਰਲ ਸੈਕਟਰੀ ਬਲਵਿੰਦਰ ਸਿੰਘ ਚਾਹਲ ਆਦਿ ਨੇ ਸਾਂਝੇ ਤੌਰ 'ਤੇ ਲਾਂਚ ਕੀਤੀ। ਮੁੱਖ ਬੁਲਾਰੇ ਚਾਹਲ ਨੇ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵੈੱਬਸਾਈਟ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਨੇਤਰਹੀਣਾਂ ਨੂੰ ਸਮੇਂ-ਸਮੇਂ 'ਤੇ ਮਿਲਣ ਵਾਲੀਆਂ ਸਹੂਲਤਾਂ ਦੀ ਸਾਰੀ ਜਾਣਕਾਰੀ ਉਪਲੱਬਧ ਹੋਇਆ ਕਰੇਗੀ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਐੱਨ. ਐੱਫ. ਬੀ. ਦੇ ਕੌਮੀ ਸਕੱਤਰ ਐੱਸ. ਕੇ. ਰੋਂਗਟਾ, ਮਹਿਲਾ ਵਿੰਗ ਦੀ ਇੰਚਾਰਜ ਕੁਸਮ ਲਤਾ ਮਲਿਕ ਅਤੇ ਯੂਥ ਵਿੰਗ ਦੇ ਕੌਮੀ ਸਕੱਤਰ ਨਵੀਨ ਅਲਾਵਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲਦੀ ਹੀ ਵੈੱਬ ਚੈਨਲ ਅਤੇ ਇੰਟਰਨੈੱਟ ਰੇਡੀਓ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨਾਲ ਨੇਤਰਹੀਣ ਸਮਾਜ ਨੂੰ ਬਹੁਤ ਲਾਭ ਮਿਲੇਗਾ।
ਮਾਸਟਰ ਗੋਇਲ ਨੇ ਦੱਸਿਆ ਕਿ ਬਹੁਤ ਹੀ ਮਿਹਨਤ ਨਾਲ ਬਣਾਈ ਵੈੱਬਸਾਈਟ ਦੇ ਲਾਂਚ ਹੋਣ ਨਾਲ ਨੇਤਰਹੀਣਾਂ ਦੀ ਭਲਾਈ ਕਰਨ ਦਾ ਮੇਰਾ ਸੁਪਨਾ ਅੱਜ ਪੂਰਾ ਹੋ ਗਿਆ ਹੈ ਤੇ ਹਰ ਰੋਜ਼ ਵੈੱਬਸਾਈਟ ਨੂੰ ਅਪਲੋਡ ਕਰਿਆ ਕਰਨਗੇ ਤਾਂ ਜੋ ਨੇਤਰਹੀਣ ਸਮਾਜ ਨੂੰ ਸਾਰੀ ਜਾਣਕਾਰੀ ਮਿਲਦੀ ਰਹੇ, ਨਾਲ ਹੀ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਨੇਤਰਹੀਣਾਂ ਦੀ ਭਲਾਈ ਲਈ ਕੁੱਝ ਵੀ ਹੋਵੇ, ਉਹ ਵੈੱਬਸਾਈਟ 'ਤੇ ਪਾਉਣ ਲਈ ਜ਼ਰੂਰ ਸੰਪਰਕ ਕਰੇ। ਪ੍ਰਧਾਨ ਮੌਂਗਾ ਤੇ ਜਨਰਲ ਸੈਕਟਰੀ ਚਾਹਲ ਅਤੇ ਕੈਸ਼ੀਅਰ ਕ੍ਰਿਸ਼ਨ ਸਿੰਘ ਨੇ ਸਫਲਤਾਪੂਰਵਕ ਹੋਈਆਂ ਨੇਤਰਹੀਣਾਂ ਦੀਆਂ ਕੌਮੀ ਖੇਡਾਂ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਧਾਰਮਿਕ, ਸਮਾਜਿਕ, ਸਿਆਸੀ ਸ਼ਖਸੀਅਤਾਂ, ਖੇਡ ਵਿਭਾਗ, ਪ੍ਰਸ਼ਾਸਨ ਅਤੇ ਵੀ. ਆਰ. ਟੀ. ਸੀ. ਸਕੂਲ ਆਦਿ ਦੀ ਸ਼ਲਾਘਾ ਕੀਤੀ।
ਨੇਤਰਹੀਣਾਂ ਦੇ ਸਕੂਲ ਜਮਾਲਪੁਰ 'ਚ 42 ਲੱਖ ਨਾਲ ਬਣੇਗਾ ਸਟੇਡੀਅਮ
ਪੰਜਾਬ 'ਚ ਨੇਤਰਹੀਣਾਂ ਦੀਆਂ ਖੇਡਾਂ ਦੀ ਸ਼ੁਰੂਆਤ ਕਰਨ ਵਾਲੇ ਅਤੇ ਐੱਨ. ਐੱਫ. ਬੀ. ਪੰਜਾਬ ਬ੍ਰਾਂਚ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੋਲੋਂ ਅਸੀਂ ਨੇਤਰਹੀਣਾਂ ਦੇ ਸਰਕਾਰੀ ਸਕੂਲ ਜਮਾਲਪੁਰ ਵਿਚ ਖੇਡ ਸਟੇਡੀਅਮ ਬਣਾਉਣ ਦੀ ਮੁੜ ਮੰਗ ਕੀਤੀ ਸੀ। ਉਸ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਨੇ ਕੈਬਨਿਟ ਦੀ ਮੀਟਿੰਗ 'ਚ ਸਟੇਡੀਅਮ ਬਣਾਉਣ ਲਈ 42 ਲੱਖ ਦੀ ਗਰਾਂਟ ਮਨਜ਼ੂਰ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਾਰੇ ਵਿਭਾਗਾਂ ਨੂੰ ਨੇਤਰਹੀਣਾਂ ਦੇ ਬਣਦੇ ਬੈਕਲਾਗ ਨੂੰ 31 ਮਾਰਚ ਤੱਕ ਪੂਰਾ ਕਰਨ ਦੇ ਕੀਤੇ ਫੈਸਲੇ ਦੀ ਨੇਤਰਹੀਣ ਸਮਾਜ ਵਲੋਂ ਸ਼ਲਾਘਾ ਵੀ ਕੀਤੀ ਗਈ।
ਇਨਕਮ ਟੈਕਸ ਵਿਭਾਗ ਨੇ ਮਹਾਨਗਰ ਦੇ ਨਾਮੀ ਯੂਨਿਟ ਦੇ 3 ਕੰਪਲੈਕਸਾਂ 'ਚ ਕੀਤੀ ਰੇਡ
NEXT STORY