ਭੁਲੱਥ/ਨਡਾਲਾ,(ਰਜਿੰਦਰ)- ਸਾਲ 2015 'ਚ ਨਗਰ ਪੰਚਾਇਤ ਨਡਾਲਾ ਦੇ ਗਠਨ ਵੇਲੇ ਪੰਚਾਇਤ ਦੀ ਹੱਦ 'ਚੋਂ ਗਲਤ ਤਰੀਕੇ ਨਾਲ ਬਾਹਰ ਰੱਖੇ ਗਏ ਡੇਰੇ ਅਤੇ ਹਿੰਮਤ ਸਿੰਘ ਨਾਂ ਦੀ ਕਾਲੋਨੀ ਮੁੜ ਨਗਰ ਪੰਚਾਇਤ ਦੀ ਹੱਦ 'ਚ ਸ਼ਾਮਲ ਕੀਤੇ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ ਤੇ ਹੁਣ ਨਗਰ ਪੰਚਾਇਤ ਦੀ ਚੋਣ ਨਵੀਂ ਵਾਰਡ ਬੰਦੀ ਤੋਂ ਬਾਅਦ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਡਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਉਸ ਵੇਲੇ ਡੇਰਿਆਂ ਤੇ ਕਲੋਨੀ ਦੀ 700 ਦੇ ਕਰੀਬ ਆਬਾਦੀ ਨੂੰ ਨਗਰ ਪੰਚਾਇਤ ਦੇ ਖੇਤਰ ਤੋਂ ਬਾਹਰ ਕਰਨ ਤੋਂ ਬਾਅਦ ਅਕਾਲੀ ਆਪਣੀ ਰਣਨੀਤੀ ਵਿਚ ਕਾਮਯਾਬ ਹੁੰਦੇ ਹੋਏ ਨਗਰ ਪੰਚਾਇਤ 'ਤੇ ਕਾਬਜ਼ ਹੋ ਗਏ। ਇਸ ਦੌਰਾਨ ਡੇਰਿਆਂ ਦੇ ਵਾਸੀ ਅਵਤਾਰ ਸਿੰਘ ਤੇ ਬਲਵਿੰਦਰ ਸਿੰਘ ਖੱਖ ਨੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦਿਆ ਮੰਗ ਕੀਤੀ ਸੀ ਕਿ ਉਕਤ ਅਬਾਦੀ ਨੂੰ ਨਗਰ ਪੰਚਾਇਤ ਵਿਚ ਸ਼ਾਮਲ ਕਰਕੇ ਵੋਟ ਅਤੇ ਹੋਰ ਖੋਹੇ ਅਧਿਕਾਰ ਵਾਪਸ ਕੀਤੇ ਜਾਣ। ਇਸ ਕੇਸ ਦੀ ਆਖਰੀ ਤਾਰੀਖ 'ਤੇ ਪੰਜਾਬ ਸਰਕਾਰ ਨੇ ਹਲਫਨਾਮਾ ਦਾਖਲ ਕੀਤਾ ਕਿ ਉਕਤ ਅਬਾਦੀ ਦੇ ਨਗਰ ਪੰਚਾਇਤ ਵਿਚ ਸ਼ਾਮਲ ਕਰਨ 'ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ।
ਉਪਰੰਤ ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਤੱਕ ਪਹੁੰਚ ਕਰਕੇ ਮੰਗ ਕੀਤੀ ਕਿ ਇਹ ਜਿਹੜੇ ਵੋਟਰਾਂ ਨੂੰ ਬਾਹਰ ਰੱਖਿਆ ਗਿਆ ਉਹ ਨਾ ਤਾਂ ਨਗਰ ਪੰਚਾਇਤ ਦੇ ਵੋਟਰ ਹਨ ਅਤੇ ਨਾ ਹੀ ਕਿਸੇ ਪੰਚਾਇਤ ਦੇ ਵੋਟਰ ਹਨ। 6 ਸਾਲ ਤੋਂ ਉਨ੍ਹਾਂ ਦੇ ਹੱਕ ਹਕੂਕ ਖੋਹ ਕੇ ਜਮਹੂਰੀਅਤ ਦਾ ਘਾਣ ਕੀਤਾ ਗਿਆ ਹੈ। ਇਸ ਤਰ੍ਹਾਂ ਸਰਕਾਰ ਵਲੋਂ ਅਪਣਾਈ ਜਾ ਰਹੀ ਦੋਹਰੀ ਨੀਤੀ ਨੂੰ ਸਹੀ ਕੀਤਾ ਜਾਵੇ। ਇਸ ਤੋਂ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਨੇ ਫੈਸਲਾ ਲਿਆ ਹੈ ਕਿ ਨਗਰ ਪੰਚਾਇਤ ਦੀ ਅਬਾਦੀ ਤੋਂ ਬਾਹਰ ਰੱਖੇ ਗਏ ਡੇਰਿਆ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਦੀਪ ਪਸਰੀਚਾ, ਗੁਰਪ੍ਰੀਤ ਸਿੰਘ ਵਾਲੀਆ, ਹਰਜਿੰਦਰ ਸਿੰਘ ਸਾਹੀ, ਰਾਮ ਸਿੰਘ, ਨੰਬਰਦਾਰ ਬਲਰਾਮ ਸਿੰਘ ਮਾਨ, ਯਸਪਾਲ ਅਹੂਜਾ ਤੇ ਹੋਰ ਹਾਜਰ ਸਨ।
ਚਚੇਰੀ ਭੈਣ ਨਾਲ ਵਿਆਹ ਕਰਵਾਉਣਾ ਗੈਰਕਾਨੂੰਨੀ! ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ
NEXT STORY