ਸਮਾਣਾ, (ਦਰਦ)- ਵਿਦੇਸ਼ ਭੇਜਣ ਦੇ ਨਾਂ 'ਤੇ ਸਮਾਣਾ ਦੇ ਇਕ ਟਰੈਵਲ ਏਜੰਟ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਘੜਾਮੀ ਪੱਤੀ ਨਿਵਾਸੀ ਕਮਲਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਇਕ ਟਰੈਵਲ ਏਜੰਟ ਨੇ ਮੈਨੂੰ ਤਿੰਨ ਸਾਲਾਂ ਲਈ ਮਲੇਸ਼ੀਆ ਦਾ ਪੱਕਾ ਵਰਕ ਪਰਮਿਟ ਵੀਜ਼ਾ ਦਿਵਾਉਣ ਦਾ ਭਰੋਸਾ ਦੇ ਕੇ ਸਵਾ ਲੱਖ ਰੁਪਏ ਲੈ ਕੇ ਉੱਥੇ ਭੇਜ ਦਿੱਤਾ। ਜਦੋਂ ਉਹ ਮਲੇਸ਼ੀਆ ਪੁੱਜਾ ਤਾਂ ਉਥੇ ਪਤਾ ਲੱਗਾ ਕਿ ਉਸ ਕੋਲ ਵਰਕ ਪਰਮਿਟ ਦੀ ਥਾਂ 15 ਦਿਨਾਂ ਦਾ ਘੁੰਮਣ ਦਾ ਵੀਜ਼ਾ ਹੈ। ਜਦੋਂ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਪਰਮਿਟ ਦਿਵਾਉਣ ਦੀ ਥਾਂ ਮਲੇਸ਼ੀਆ ਰਹਿੰਦੇ ਆਪਣੇ ਸਾਥੀ ਏਜੰਟ ਨੂੰ ਕਹਿ ਕੇ ਉਸ ਨੂੰ ਪੁਲਸ ਕੋਲ ਝੂਠਾ ਫਸਾਉਣ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਉਹ ਕਈ ਦਿਨ ਉੱਥੇ ਪੁਲਸ ਦੀ ਹਿਰਾਸਤ ਵਿਚ ਰਿਹਾ। ਉਸ ਨੇ ਆਪਣੇ ਮਾਪਿਆਂ ਨੂੰ ਸਾਰੀ ਗੱਲ ਦੱਸੀ। ਉਸ ਦੇ ਪਿਤਾ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਦੋ-ਜਹਿਦ ਕਰ ਕੇ 2 ਲੱਖ ਰੁਪਏ ਦੇ ਕਰੀਬ ਭਰ ਕੇ ਆਪਣੇ ਬੇਟੇ ਨੂੰ ਵਾਪਸ ਇੰਡੀਆ ਮੰਗਵਾਇਆ। ਇਸ ਸਬੰਧੀ ਉਨ੍ਹਾਂ ਜ਼ਿਲਾ ਪੁਲਸ ਮੁਖੀ ਕੋਲ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਰੈਵਲ ਏਜੰਟ ਖਿਲਾਫ ਸਖਤ ਕਾਰਵਾਈ ਕਰ ਕੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ।
ਵਿਕਾਸ ਕਾਰਜਾਂ ਲਈ ਦਿਹਾਤੀ ਪੰਚਾਇਤਾਂ ਨੂੰ ਮਿਲੇ 1 ਕਰੋੜ 34 ਲੱਖ ਦੇ ਚੈੱਕ
NEXT STORY