ਜਲੰਧਰ (ਰਵਿੰਦਰ) : ਲੋਕ ਸਭਾ ਚੋਣਾਂ-2019 ਲਈ ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਇਕ ਵਾਰ ਫਿਰ ਤੋਂ 2014 ਵਾਂਗ ਇਸ ਵਾਰ ਵੀ ਨਰਿੰਦਰ ਮੋਦੀ ਪੰਜਾਬ ਤੋਂ ਹੀ ਲੋਕ ਸਭਾ ਚੋਣ ਪ੍ਰਚਾਰ ਦਾ ਨਗਾਰਾ ਵਜਾਉਣ ਜਾ ਰਹੇ ਹਨ। 3 ਜਨਵਰੀ ਨੂੰ ਮੋਦੀ ਗੁਰਦਾਸਪੁਰ ਦੇ ਕੋਲ ਰੈਲੀ ਨੂੰ ਸੰਬੋਧਨ ਕਰਨਗੇ ਪਰ ਮੋਦੀ ਦੀ ਇਸ ਰੈਲੀ ਨੂੰ ਫਲਾਪ ਕਰਨ ਲਈ ਪੰਜਾਬ ਦੇ ਕੁੱਝ ਮਜ਼ਬੂਤ ਲੀਡਰ ਹੀ ਗੁਪਤ ਰਣਨੀਤੀ 'ਚ ਲੱਗੇ ਹੋਏ ਹਨ।
ਅਸਲ 'ਚ ਮੌਜੂਦਾ ਦੌਰ ਵਿਚ ਇਹ ਲੀਡਰ ਖੁੱਡੇ ਲਾਈਨ ਲੱਗੇ ਹੋਏ ਹਨ ਅਤੇ ਰੈਲੀ ਨੂੰ ਫਲਾਪ ਕਰ ਕੇ ਇਹ ਮੌਜੂਦਾ ਸੂਬਾ ਕਾਰਜਕਾਰਨੀ 'ਤੇ ਇਸ ਦਾ ਠੀਕਰਾ ਭੰਨਣਾ ਚਾਹੁੰਦੇ ਹਨ। 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਧੋਪੁਰ ਵਿਚ ਰੈਲੀ ਕਰ ਕੇ ਲੋਕ ਸਭਾ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਸੀ ਅਤੇ ਦੇਸ਼ ਭਰ 'ਚ ਮੋਦੀ ਨੂੰ ਭਰਪੂਰ ਰਿਸਪਾਂਸ ਮਿਲਿਆ ਸੀ। ਇਕ ਵਾਰ ਫਿਰ ਮੋਦੀ ਨੇ ਚੋਣ ਪ੍ਰਚਾਰ ਦੇ ਆਗਾਜ਼ ਲਈ ਪੰਜਾਬ ਦੀ ਧਰਤੀ ਨੂੰ ਚੁਣਿਆ ਹੈ ਹਾਲਾਂਕਿ ਪਿਛਲੀ ਵਾਰ ਸੂਬੇ ਵਿਚ ਅਕਾਲੀ-ਭਾਜਪਾ ਦੀ ਸਰਕਾਰ ਸੀ ਅਤੇ ਇਸ ਵਾਰ ਹਵਾ ਦਾ ਰੁਖ਼ ਅਕਾਲੀ-ਭਾਜਪਾ ਦੋਵਾਂ ਦੇ ਖਿਲਾਫ ਹੈ। ਅਕਾਲੀ ਖੁਦ ਦੀ ਬਗਾਵਤ ਦੇ ਮੋਰਚੇ ਨਾਲ ਜੂਝ ਰਿਹਾ ਹੈ ਤਾਂ ਪੰਜਾਬ ਭਾਜਪਾ ਵਿਚ ਵੀ ਸਭ ਕੁੱਝ ਚੰਗਾ ਨਹੀਂ ਚੱਲ ਰਿਹਾ।
ਜਦੋਂ ਤੋਂ ਸੂਬਾ ਪ੍ਰਧਾਨ ਦੀ ਕੁਰਸੀ ਸ਼ਵੇਤ ਮਲਿਕ ਦੇ ਹੱਥ ਆਈ ਹੈ, ਉਦੋਂ ਤੋਂ ਕਈ ਪੁਰਾਣੇ ਆਗੂਆਂ ਦੀ ਰੋਜ਼ੀ-ਰੋਟੀ ਬੰਦ ਹੋਈ ਹੈ। ਇਕ ਮਜ਼ਬੂਤ ਲਾਬੀ ਇਸ ਕਾਰਜਕਾਰਨੀ ਦੇ ਖਿਲਾਫ ਰਣਨੀਤੀ ਬਣਾਉਣ ਵਿਚ ਜੁਟੀ ਹੋਈ ਹੈ। ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਰੈਲੀ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਸਾਰੇ ਸਾਬਕਾ ਵਿਧਾਇਕ, ਮੌਜੂਦਾ ਵਿਧਾਇਕ, ਸੰਸਦ ਮੈਂਬਰ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਰੇ ਮੋਰਚਿਆਂ ਦੀ ਡਿਊਟੀ ਨਿਰਧਾਰਤ ਕੀਤੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੋਦੀ ਦੀ ਰੈਲੀ ਨੂੰ ਸਿਰਫ 7 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ ਪਰ ਜ਼ਿਲਾ ਪੱਧਰ 'ਤੇ ਵਰਕਰਾਂ ਵਿਚ ਰੈਲੀ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ।
ਇਸ ਦੇ ਪਿੱਛੇ ਕਾਰਨ ਸਾਫ ਹੈ ਕਿ ਸਾਬਕਾ ਵਿਧਾਇਕਾਂ ਦੀ ਇਕ ਮਜ਼ਬੂਤ ਲਾਬੀ ਇਸ ਰੈਲੀ ਨੂੰ ਫਲਾਪ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ। ਇਹ ਲਾਬੀ ਨਾ ਤਾਂ ਵਰਕਰਾਂ ਵਿਚ ਰੈਲੀ ਨੂੰ ਲੈ ਕੇ ਉਤਸ਼ਾਹ ਪੈਦਾ ਕਰ ਰਹੀ ਹੈ ਅਤੇ ਨਾ ਹੀ ਵਰਕਰਾਂ ਨੂੰ ਰੈਲੀ ਵਿਚ ਪਹੁੰਚਣ ਲਈ ਕਿਹਾ ਜਾ ਰਿਹਾ ਹੈ। ਅੰਦਰਖਾਤੇ ਵਰਕਰਾਂ ਨੂੰ ਰੈਲੀ ਦੇ ਦਿਨ ਕਿਤੇ ਹੋਰ ਵਿਅਸਤ ਰਹਿਣ ਲਈ ਕਿਹਾ ਜਾ ਰਿਹਾ ਹੈ। ਸਾਬਕਾ ਆਗੂਆਂ ਦੀ ਇਕ ਲਾਬੀ ਮੌਜੂਦਾ ਸੂਬਾ ਕਾਰਜਕਾਰਨੀ ਦੇ ਸਿਰ 'ਤੇ ਫਲਾਪ ਰੈਲੀ ਦਾ ਠੀਕਰਾ ਭੰਨਣਾ ਚਾਹੁੰਦੀ ਹੈ। ਇਸ ਗੱਲ ਦਾ ਅਹਿਸਾਸ ਹਾਈ ਕਮਾਨ ਨੂੰ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ 'ਚ ਕਈ ਵੱਡੇ ਆਗੂ ਪਾਰਟੀ ਹਾਈਕਮਾਨ ਦੇ ਨਿਸ਼ਾਨੇ 'ਤੇ ਹੋ ਸਕਦੇ ਹਨ ਪਰ ਇਕ ਗੱਲ ਸਾਫ ਹੈ ਕਿ ਜਦੋਂ ਸੂਬੇ ਵਿਚ ਭਾਜਪਾ ਦੇ ਅੰਦਰ ਇਸ ਕਦਰ ਲਾਬਿੰਗ ਤੇ ਧੜੇਬੰਦੀ ਦੀ ਖੇਡ ਚੱਲ ਰਹੀ ਹੋਵੇ ਤਾਂ ਅਜਿਹੇ 'ਚ ਪਾਰਟੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਰਹਿ ਸਕਦੀ ਹੈ।
ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 489ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY