ਮੋਗਾ (ਅਜ਼ਾਦ) : ਬਾਘਾਪੁਰਾਣਾ-ਨਿਹਾਲ ਸਿੰਘ ਵਾਲਾ ਦੇ ਵਿਚਕਾਰ ਬਣ ਰਹੀ ਨੈਸ਼ਨਲ ਹਾਈਵੇ ਸੜਕ ਵਿਚ ਆਉਂਦੇ ਇਕ ਹੋਟਲ ਸੰਚਾਲਕ ਤੋਂ ਉਸ ਨੂੰ ਵਿਭਾਗ ਵਲੋਂ ਇਕਵਾਇਰ ਕੀਤੇ ਜਾਣ ਵਾਲੀ ਜਗ੍ਹਾ ਦਾ ਮੁਆਵਜ਼ਾ ਦਿਵਾਉਣ ਦੇ ਨਾਮ 'ਤੇ ਨੈਸ਼ਨਲ ਹਾਈਵੇ ਦੇ ਜੂਨੀਅਰ ਇੰਜੀਨੀਅਰ ਨੂੰ ਅੱਜ ਵਿਜੀਲੈਂਸ ਬਿਊਰੋ ਮੋਗਾ ਵਲੋਂ 80 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੇ ਐੱਸ. ਐੱਸ . ਪੀ ਹਰਗੋਬਿੰਦ ਸਿੰਘ ਅਤੇ ਡੀ.ਐੱਸ ਪੀ. ਕੇਵਲ ਕ੍ਰਿਸ਼ਨ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਗਰੂਪ ਸਿੰਘ ਨਿਵਾਸੀ ਪਿੰਡ ਘੋਲੀਆ ਕਲਾਂ ਦਾ ਫੂਲੇਵਾਲਾ ਪੁੱਲ ਦੇ ਕੋਲ ਕੈਂਪਸ ਫੂਡ ਹੋਟਲ ਸਥਿਤ ਹੈ, ਜੋ ਕਰੀਬ 40 ਮਰਲੇ ਵਿਚ ਹੈ। ਉਕਤ ਜਗ੍ਹਾ ਨੈਸ਼ਨਲ ਹਾਈਵੇ 254 ਵਲੋਂ ਸੜਕ ਬਨਾਉਣ ਲਈ ਇਕਵਾਇਰ ਕੀਤੀ ਜਾਣ ਵਾਲੀ ਸੀ ਅਤੇ ਉਕਤ ਹੋਟਲ ਉਸ ਵਿਚ ਆ ਰਿਹਾ ਸੀ, ਜਿਸ ਦੀ ਅਸੈਸਮੈਂਟ ਹਨੀ ਬਾਂਸਲ ਜੇ.ਈ ਅਤੇ ਅਮਰਜੀਤ ਸਿੰਘ ਜੇ. ਈ. ਬਠਿੰਡਾ ਵਲੋਂ ਕੀਤੀ ਗਈ।
ਮੁਆਵਜ਼ਾ ਘੱਟ ਹੋਣ ਦੇ ਚੱਲਦੇ ਹੋਟਲ ਸੰਚਾਲਕ ਜਗਰੂਪ ਸਿੰਘ ਨੇ ਜਦ ਉਨ੍ਹਾਂ ਨੂੰ ਸ਼ਕਾਇਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਆਵਜ਼ੇ ਦੀ 10 ਪ੍ਰਤੀਸ਼ਤ ਰਾਸੀ ਅਸੀਂ ਰਿਸ਼ਵਤ ਦੇ ਤੌਰ 'ਤੇ ਲਵਾਂਗੇ ਅਤੇ ਉਨ੍ਹਾਂ ਦਾ ਚਾਰ ਲੱਖ 70 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ। ਕੁੱਝ ਦਿਨ ਪਹਿਲਾਂ ਉਨ੍ਹਾਂ ਸਾਢੇ ਤਿੰਨ ਲੱਖ ਰੁਪਏ ਬਤੌਰ ਰਿਸ਼ਵਤ ਹਾਸਲ ਕਰ ਲਈ, ਜਦਕਿ 1 ਲੱਖ 20 ਹਜ਼ਾਰ ਰੁਪਏ ਰਿਸ਼ਵਤ ਦੇ ਦੇਣੇ ਬਾਕੀ ਸਨ। ਅੱਜ ਜਦ ਹਨੀ ਬਾਂਸਲ ਉਕਤ ਪੈਸੇ ਲੈਣ ਲਈ ਬਾਘਾਪੁਰਾਣਾ ਦੱਸੀ ਗਈ ਜਗ੍ਹਾ 'ਤੇ ਪਹੁੰਚਿਆ ਤਾਂ ਉਸ ਨੂੰ ਵਿਜੀਲੈਂਸ ਬਿਊਰੋ ਵਲੋਂ ਜਿਸ ਵਿਚ ਇੰਸਪੈਕਟਰ ਸਤਪ੍ਰੇਮ ਸਿੰਘ, ਥਾਣੇਦਾਰ ਸੁਰਿੰਦਰਪਾਲ ਸਿੰਘ, ਸਹਾਇਕ ਥਾਣੇਦਾਰ ਮੁਖਤਿਆਰ ਸਿੰਘ, ਗੁਰਮੀਤ ਸਿੰਘ, ਬਲਦੇਵ ਰਾਜ ਅਤੇ ਹੋਰ ਪੁਲਸ ਮੁਲਾਜ਼ਮ ਸਨ, ਨੇ ਘੇਰਾ ਪਾ ਕੇ ਦਬੋਚ ਲਿਆ ਅਤੇ ਰਿਸ਼ਵਤ ਦੇ 80 ਹਜ਼ਾਰ ਰੁਪਏ ਬਰਾਮਦ ਕਰ ਲਏ।
ਇਸ ਮੌਕੇ ਬਤੌਰ ਸਰਕਾਰੀ ਗਵਾਹ ਡਾ. ਅਮਰਜੀਤ ਸਿੰਘ ਅਤੇ ਡਾ. ਧਰਮਵੀਰ ਸਿੰਘ ਖੇਤੀਬਾੜੀ ਵਿਭਾਗ ਵੀ ਮੌਜੂਦ ਸਨ। ਐੱਸ. ਐੱਸ ਪੀ. ਨੇ ਦੱਸਿਆ ਕਿ ਇਸ ਸੰਬੰਧ ਵਿਚ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਚ ਹਨੀ ਬਾਂਸਲ ਜੇਈ ਅਤੇ ਅਮਰਜੀਤ ਸਿੰਘ ਜੇਈ ਨੈਸ਼ਨਲ ਹਾਈਵੇ ਸੈਂਟਰਲ ਵਰਕਸ਼ ਡਵੀਜ਼ਨ ਨੰਬਰ 2 ਪੀਡਬਲਯੂ, ਬੀਐਂਡਆਰ ਬਠਿੰਡਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਅਮਰਜੀਤ ਸਿੰਘ ਜੇ ਈ ਦੀ ਤਲਾਸ਼ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਕਾਬੂ ਕੀਤੇ ਗਏ ਜੇ ਈ ਹਨੀ ਬਾਂਸਲ ਅਤੇ ਅਮਰਜੀਤ ਸਿੰਘ ਦੇ ਪਿਛੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਕਤ ਮਾਮਲੇ ਵਿਚ ਹੋਰ ਕੌਣ ਵੱਡੇ ਅਫਸਰ ਸ਼ਾਮਲ ਹਨ।
ਚੈਰੀਟੇਬਲ ਹਸਪਤਾਲ ਦੇ ਡਾਕਟਰ ਤੇ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ
NEXT STORY